ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 102 ਸੀਟਾਂ ’ਤੇ ਮੈਦਾਨ ਤਿਆਰ ਹੋ ਗਿਆ ਹੈ। ਰਾਜਨੀਤਕ ਦਲਾਂ ਅਤੇ ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਕਰੀਬ 3288 ਉਮੀਦਵਾਰਾਂ ਨੇ ਨਾਮਜ਼ਦਗੀ ਦਾਖ਼ਲ ਕੀਤੇ ਹਨ। ਇਨ੍ਹਾਂ ’ਚੋਂ 828 ਨਾਮਜ਼ਦਗੀ ਰੱਦ ਹੋ ਗਏ ਅਤੇ 2016 ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ ਸਨ। ਇਨ੍ਹਾਂ ’ਚੋਂ ਸ਼ਨੀਵਾਰ ਨੂੰ ਨਾਂਅ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਬਾਅਦ ਹੁਣ ਕਰੀਬ 1500 ਉਮੀਦਵਾਰ ਮੈਦਾਨ ’ਚ ਰਹਿ ਗਏ ਹਨ। ਦੇਸ਼ ’ਚ ਸੱਤ ਗੇੜਾਂ ’ਚ ਹੋ ਰਹੀਆਂ ਲੋਕ ਸਭਾ ਚੋਣਾਂ ’ਚ ਪਹਿਲੇ ਗੇੜ ’ਚ ਸਭ ਤੋਂ ਜ਼ਿਆਦਾ 102 ਸੀਟਾਂ ’ਤੇ ਚੋਣ ਹੋਣੀ ਹੈ, ਜਿੱਥੇ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸੇ ਗੇੜ ’ਚ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ’ਤੇ ਚੋਣ ਹੋ ਰਹੀ ਹੈ। ਜਿਨ੍ਹਾਂ ਸੂਬਿਆਂ ’ਚ ਵੋਟਿੰਗ ਹੋਵੇਗੀ, ਉਨ੍ਹਾਂ ’ਚ ਤਾਮਿਲਨਾਡੂ 39, ਰਾਜਸਥਾਨ 12, ਉਤਰ ਪ੍ਰਦੇਸ਼ 8, ਮੱਧ ਪ੍ਰਦੇਸ਼ 6, ਅਸਾਮ 4, ਉਤਰਾਖੰਡ 5, ਮਹਾਰਾਸ਼ਟਰ 5, ਬਿਹਾਰ 4, ਪੱਛਮੀ ਬੰਗਾਲ 3, ਅਰੁਣਾਚਲ ਪ੍ਰਦੇਸ਼ 2, ਮਨੀਪੁਰ 2, ਮੇਘਾਲਿਆ 2, ਜੰਮੂ ਕਸ਼ਮੀਰ, ਛੱਤੀਸਗੜ੍ਹ, ਮਿਜ਼ੋਰਮ, ਨਾਗਾਲੈਂਡ, ਅੰਡੇਮਾਨ ਨਿਕੋਬਾਰ, ਲਕਸ਼ਦੀਪ, ਪੁਡੂਚੇਰੀ, ਸਿੱਕਮ ਅਤੇ ਤਿ੍ਰਪੁਰਾ ਦੀ 1-1 ਸੀਟ ਹੈ।





