19.1 C
Jalandhar
Thursday, November 7, 2024
spot_img

ਤਾਨਾਸ਼ਾਹੀ ਵਿਰੁੱਧ ਜੰਗ ਦਾ ਐਲਾਨ

ਨਵੀਂ ਦਿੱਲੀ : ਦਿੱਲੀ ਦੇ ਰਾਮਲੀਲ੍ਹਾ ਮੈਦਾਨ ’ਚ ਐਤਵਾਰ ਹੋਈ ਇੰਡੀਆ ਗਠਜੋੜ ਦੀ ‘ਲੋਕਤੰਤਰ ਬਚਾਓ’ ਮਹਾਂ ਰੈਲੀ’ ’ਚ ਸਾਰੇ ਦਲਾਂ ਦੇ ਪ੍ਰਮੁੱਖ ਨੇਤਾਵਾਂ ਨੇ ਸ਼ਿਰਕਤ ਕੀਤੀ। ਇਹ ਰੈਲੀ ਕਿਸੇ ਇੱਕ ਵਿਅਕਤੀ ਨੂੰ ਬਚਾਉਣ ਲਈ ਨਹੀਂ, ਬਲਕਿ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪੋਜ਼ੀਸ਼ਨ ਗਠਜੋੜ ਦੀ ਇਹ ਪਹਿਲੀ ਵੱਡੀ ਰੈਲੀ ਸੀ, ਜਿਸ ’ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਊਧਵ ਠਾਕਰੇ, ਅਖਿਲੇਸ਼ ਯਾਦਵ, ਡੀ ਰਾਜਾ, ਸੀਤਾਰਾਮ ਯੇਚੁਰੀ, ਭਗਵੰਤ ਮਾਨ, ਮਹਿਬੂਬਾ ਮੁਫ਼ਤੀ, ਫਾਰੂਕ ਅਬਦੁੱਲਾ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਪਿ੍ਰਅੰਕਾ ਗਾਂਧੀ ਵਾਡਰਾ ਅਤੇ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਸਮੇਤ ਕਈ ਨੇਤਾ ਸ਼ਾਮਲ ਹੋਏ। ਇੱਕ-ਇੱਕ ਕਰਕੇ ਸਾਰੇ ਨੇਤਾਵਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਭਾਜਪਾ ’ਤੇ ਜੰਮ ਕੇ ਹਮਲਾ ਬੋਲਿਆ। ਇਸੇ ਲੜੀ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਸਾਰੇ ਨੇਤਾ, ਜੋ ਇੱਥੇ ਆਏ ਹਨ, ਉਨ੍ਹਾਂ ਨਾਲ ਮੈਂ ਕੇਜਰੀਵਾਲ ਅਤੇ ਸੋਰੇਨ ਦਾ ਵੀ ਨਾਂਅ ਲੈਣਾ ਚਾਹੁੰਦਾ ਹਾਂ, ਜੋ ਇੱਥੇ ਨਹੀਂ ਹਨ, ਪਰ ਦਿਲ ਤੋਂ ਸਾਡੇ ਨਾਲ ਜੁੜੇ ਹੋਏ ਹਨ। ਉਨ੍ਹਾ ਕਿਹਾ ਕਿ 40 ਸਾਲਾਂ ’ਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹਿੰਦੁਸਤਾਨ ’ਚ ਅੱਜ ਹੈ। 1 ਫੀਸਦੀ ਲੋਕਾਂ ਦੇ ਕੋਲ ਹਿੰਦੁਸਤਾਨ ਦਾ ਪੂਰੇ ਦਾ ਪੂਰਾ ਧਨ ਹੈ। ਉਨ੍ਹਾ ਕਿਹਾ ਅੱਜਕੱਲ੍ਹ ਆਈ ਪੀ ਐੱਲ ਮੈਚ ਚੱਲ ਰਹੇ ਹਨ। ਜਦ ਬੇਈਮਾਨੀ ਨਾਲ ਖਿਡਾਰੀ ਖਰੀਦੇ ਜਾਂਦੇ ਹਨ, ਉਸ ਮੈਚ ਨੂੰ ਮੈਚ ਫਿਕਸਿੰਗ ਕਹਿੰਦੇ ਹਨ। ਸਾਡੇ ਸਾਹਮਣੇ ਲੋਕ ਸਭਾ ਚੋਣਾਂ ਹਨ। ਮੈਚ ਕਿਸ ਨੇ ਫਿਕਸ ਕੀਤੇ-ਨਰਿੰਦਰ ਮੋਦੀ ਨੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਡੀ ਟੀਮ ਦੇ ਦੋ ਖਿਡਾਰੀਆਂ ਨੂੰ ਗਿ੍ਰਫ਼ਤਾਰ ਕਰਕੇ ਅੰਦਰ ਕਰ ਦਿੱਤਾ। ਨਰੇਂਦਰ ਮੋਦੀ ਇਸ ਚੋਣ ਤੋਂ ਪਹਿਲਾਂ ਫਿਕਸਿੰਗ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਦਾ 400 ਦਾ ਨਾਅਰਾ ਬਿਨਾਂ ਮੈਚ ਫਿਕਸਿੰਗ ਦੇ, ਬਿਨਾਂ ਸੋਸ਼ਲ ਮੀਡੀਆ ਅਤੇ ਮੀਡੀਆ ’ਤੇ ਦਬਾਅ ਪਾਏ 180 ਤੋਂ ਜ਼ਿਆਦਾ ਨਹੀਂ ਹੈ। ਉਨ੍ਹਾ ਕਿਹਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਆਪੋਜ਼ੀਸ਼ਨ ਪਾਰਟੀ ਹੈ, ਪਰ ਸਾਡੇ ਅਕਾਊਂਟ ਫਰੀਜ਼ ਕਰਾ ਦਿੱਤੇ ਗਏ। ਇਹ ਪੂਰੀ ਦੀ ਪੂਰੀ ਮੈਚ ਫਿਕਸਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੈਚ ਫਿਕਸਿੰਗ ਸਿਰਫ਼ ਪ੍ਰਧਾਨ ਮੰਤਰੀ ਮੋਦੀ ਨਹੀਂ ਕਰ ਰਹੇ, ਇਹ ਦੇਸ਼ ਦੇ 3-4 ਵੱਡੇ ਅਰਬਪਤੀ ਕਰਵਾ ਰਹੇ ਹਨ। ਇਸ ਮੈਚ ਫਿਕਸਿੰਗ ਦਾ ਇੱਕ ਹੀ ਟੀਚਾ ਹੈ ਕਿ ਇਸ ਦੇਸ਼ ਦਾ ਸੰਵਿਧਾਨ, ਜਿਸ ਨੇ ਇਸ ਦੇਸ਼ ਦੇ ਲੋਕਾਂ ਨੂੰ ਜਿਊਣ ਦਾ ਹੱਕ ਦਿੱਤਾ, ਉਸ ਸੰਵਿਧਾਨ ਨੂੰ ਲੋਕਾਂ ਤੋਂ ਖੋਹ ਲਿਆ ਜਾਵੇ। ਉਨ੍ਹਾ ਕਿਹਾ ਕਿ ਜਿਸ ਦਿਨ ਇਹ ਸੰਵਿਧਾਨ ਖ਼ਤਮ ਹੋ ਗਿਆ, ਉਸ ਦਿਨ ਇਹ ਦੇਸ਼ ਵੀ ਨਹੀਂ ਬਚੇਗਾ। ਜੇਕਰ ਭਾਜਪਾ ਇਹ ਚੋਣ ਜਿੱਤੀ ਤਾਂ ਉਨ੍ਹਾਂ ਸੰਵਿਧਾਨ ਨੂੰ ਬਦਲਿਆ ਤਾਂ ਦੇਸ਼ ’ਚ ਅੱਗ ਲੱਗ ਜਾਵੇਗੀ, ਇਹ ਦੇਸ਼ ਨਹੀਂ ਬਚੇਗਾ। ਇਹ ਚੋਣ ਵੋਟ ਵਾਲੀ ਚੋਣ ਨਹੀਂ ਹੈ, ਇਹ ਚੋਣ ਹਿੰਦੁਸਤਾਨ ਨੂੰ ਬਚਾਉਣ ਵਾਲੀ ਚੋਣ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੋਦੀ ਈ ਡੀ ਤੇ ਸੀ ਬੀ ਆਈ ਦਾ ਇਸਤੇਮਾਲ ਕਰਕੇ ਆਪੋਜ਼ੀਸ਼ਨ ਪਾਰਟੀਆਂ ਨੂੰ ਡਰਾ ਰਹੇ ਹਨ। ਉਨ੍ਹਾ ਆਪਣੇ ਨੇਤਾਵਾਂ ਨੂੰ ਈ ਡੀ, ਸੀ ਬੀ ਆਈ ਦਾ ਵੀ ਡਰ ਦਿਖਾਇਆ। ਜੇਕਰ ਮੋਦੀ ਸਰਕਾਰ ਨਾ ਗਈ ਤਾਂ ਇਸ ਦੇਸ਼ ’ਚ ਲੋਕਤੰਤਰ ਨਹੀਂ ਬਚੇਗਾ। ਇੰਡੀਆ ਗਠਜੋੜ ਨੂੰ ਲੈ ਕੇ ਖੜਗੇ ਨੇ ਕਿਹਾ, ‘ਇੱਕ ਹੋਣਾ ਸਿੱਖੋ, ਪਹਿਲਾਂ ਸਾਨੂੰ ਇੱਕ ਹੋਣਾ ਹੋਵੇਗਾ, ਇੱਕ-ਦੂਜੇ ਨੂੰ ਤੋੜਨ ਦਾ ਨਾ ਸੋਚੇ, ਅਸੀਂ ਇੱਕ ਹੋ ਕੇ ਭਾਜਪਾ ਨੂੰ ਹਰਾਉਣਾ ਹੈ। ਇੰਡੀਆ ਗਠਜੋੜ ਲਈ ਜੋ ਵੀ ਮੁਸ਼ਕਲਾਂ ਆਉਣਗੀਆਂ, ਅਸੀਂ ਮਿਲ ਕੇ ਉਸ ਨੂੰ ਦੂਰ ਕਰਾਂਗੇ।’ ਇਸ ਮੌਕੇ ਉਨ੍ਹਾ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਹੋਏ ਸ਼ਾਇਰੀ ਪੜ੍ਹੀ, ‘ਅਪੀਲ ਵੀ ਤੁਮ ਦਲੀਲ ਵੀ ਤੁਮ, ਗਵਾਹ ਵੀ ਤੁਮ, ਵਕੀਲ ਵੀ ਤੁਮ, ਜਿਸੇ ਵੀ ਚਾਹੋ ਹਰਾਮ ਕਹਿ ਦੋ, ਜਿਸ ਵੀ ਚਾਹੋ ਹਲਾਲ ਕਰ ਦੋ।’ ਖੜਗੇ ਨੇ ਕਿਹਾਜਦ ਪ੍ਰਧਾਨ ਮੰਤਰੀ ਨਾਲ ਉਨ੍ਹਾ ਦੀ ਮੁਲਾਕਾਤ ਹੋਈ ਤਾਂ ਉਨ੍ਹਾ ਕਿਹਾ ਕਿ ਦੇਸ਼ ’ਚ ਨਿਰਪੱਖ ਚੋਣਾਂ ਨਹੀਂ ਹੋ ਰਹੀਆਂ ਅਤੇ ਕਾਂਗਰਸ ਦੇ ਖਾਤੇ ’ਚ ਜੋ ਪੈਸਾ ਸੀ, ਉਹ ਪਹਿਲਾਂ ਹੀ ਚੋਰੀ ਹੋ ਗਿਆ। ਖੜਗੇ ਨੇ ਦੱਸਿਆ ਕਿ 3567 ਕਰੋੜ ਰੁਪਏ ਦੀ ਪੈਨਲਟੀ ਸਾਡੇ ’ਤੇ ਲਾਈ ਗਈ ਹੈ।
ਸਾਡਾ ਮਕਸਦ ਸੰਵਿਧਾਨ ਬਚਾਉਣਾ : ਫਾਰੂਕ ਅਬਦੁੱਲਾ
ਐੱਨ ਸੀ ਪ੍ਰਮੁੱਖ ਫਾਰੂਕ ਅਬਦੁੱਲਾ ਨੇ ਕਿਹਾਅੱਜ ਸਾਡਾ ਮਕਸਦ ਸਿਰਫ਼ ਇੱਕ ਹੀ ਹੈ ਕਿ ਅਸੀਂ ਸਾਰਿਆਂ ਸੰਵਿਧਾਨ ਨੂੰ ਬਚਾਉਣਾ ਹੈ। ਇਨਸਾਨ ਨੂੰ ਇਨਸਾਨ ਨਾਲ ਲੜਾਇਆ ਜਾ ਰਿਹਾ ਹੈ। ਉਹ ਸਾਰੇ ਨੇਤਾ, ਜਿਨ੍ਹਾਂ ਨੂੰ ਅੱਜ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਹੈ, ਉਹ ਬਾਹਰ ਉਦੋਂ ਹੀ ਆ ਸਕਣਗੇ, ਜਦ ਤੁਸੀਂ ਇੱਕ ਬਟਨ ਦਬਾਉਗੇ। ਉਨ੍ਹਾ ਕਿਹਾ ਕਿ ਤੁਸੀਂ ਇਸ ਹਕੂਮਤ ਨੂੰ ਹਰਾਉਗੇ ਤਾਂ ਤੁਹਾਡੀ ਹਕੂਮਤ ਕਾਇਮ ਹੋਵੇਗੀ।
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਭਾਜਪਾ ਹਟਾਓ, ਦੇਸ਼ ਬਚਾਓ, ਭਾਜਪਾ ਹਟਾਓ, ਲੋਕਤੰਤਰ ਬਚਾਓ’ ਇਹ ਸਾਡਾ ਸਾਂਝਾ ਸੰਕਲਪ ਹੈ। ਉਨ੍ਹਾ ਕਿਹਾ ਕਿ ਭਾਜਪਾ ਵਿਰੋਧੀ ਦਲਾਂ ਦਾ ਗਲਾ ਘੁੱਟ ਰਹੀ ਅਤੇ ਡਰਾਉਣ-ਧਮਕਾਉਣ ਲਈ ਸਾਰੀਆਂ ਕੇਂਦਰੀ ੲਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ। ਦੇਸ਼ ਇੱਕ ਵੱਡੀ ਆਪਦਾ ਦਾ ਸਾਹਮਣਾ ਕਰ ਰਿਹਾ ਹੈ। ਭਾਜਪਾ ਤੇ ਆਰ ਐੱਸ ਐੱਸ ਸਾਡੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਮੋਦੀ ਇਸ ’ਚ ਕਦੇ ਵੀ ਸਫ਼ਲ ਨਹੀਂ ਹੋਣਗੇ।
ਜਨਤਾ ਭਾਜਪਾ ਨੂੰ ਕਰਾਰਾ ਜਵਾਬ ਦੇਵੇਗੀ : ਸੁਨੀਤਾ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਰਾਮਲੀਲ੍ਹਾ ਮੈਦਾਨ ਦੇ ਮੰਚ ਤੋਂ ਪਤੀ ਦੀ ਗਿ੍ਰਫ਼ਤਾਰੀ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ। ਉਨ੍ਹਾ ਕਿਹਾ ਕਿ ਜਨਤਾ ਭਾਜਪਾ ਨੂੰ ਇਸ ਦਾ ਕਰਾਰਾ ਜਵਾਬ ਦੇਵੇਗੀ। ਸੁਨੀਤਾ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ। ਉਨ੍ਹਾ ਕਿਹਾ, ‘ਕੇਜਰੀਵਾਲ ਨੂੰ ਕੇਂਦਰ ਸਰਕਾਰ ਨੇ ਗਿ੍ਰਫ਼ਤਾਰ ਕਰ ਲਿਆ ਹੈ, ਪਰ ਕੇਜਰੀਵਾਲ ਸ਼ੇਰ ਹਨ। ਉਨ੍ਹਾ ਕਿਹਾ ਕਿ ਮੋਦੀ ਨੇ ਮੇਰੇ ਪਤੀ ਨੂੰ ਜੇਲ੍ਹ ’ਚ ਸੁੱਟ ਦਿੱਤਾ ਹੈ। ਕੀ ਇਹ ਸਹੀ ਕੀਤਾ? ਕੀ ਤੁਸੀਂ ਮੰਨਦੇ ਹੋਏ ਕਿ ਕੇਜਰੀਵਾਲ ਇੱਕ ਸੱਚੇ ਦੇਸ਼ ਭਗਤ ਅਤੇ ਇਮਾਨਦਾਰ ਹਨ। ਭਾਜਪਾ ਕਹਿੰਦੀ ਹੈ ਕਿ ਕੇਜਰੀਵਾਲ ਨੂੰ ਅਸਤੀਫ਼ਾ ਦੇਣਾ ਚਾਹੀਦਾ। ਲੋਕਾਂ ਨੇ ਕਿਹਾ ਕਿ ਉਹਨਾ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ। ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਇੱਕ ਸ਼ੇਰ ਹਨ, ਭਾਜਪਾ ਵਾਲੇ ਉਹਨਾ ਨੂੰ ਜ਼ਿਆਦਾ ਦਿਨ ਤੱਕ ਜੇਲ੍ਹ ’ਚ ਨਹੀਂ ਰੱਖ ਸਕਦੇ। ਉਹ ਇੱਕ ਫਰੀਡਮ ਫਾਈਟਰ ਹਨ।
ਸੁਨੀਤਾ ਨੇ ਕੇਜਰੀਵਾਲ ਦੀਆਂ 6 ਗਰੰਟੀਆਂ ਬਾਰੇ ਵੀ ਦੱਸਿਆ। ਮੇਰੇ ਪਿਆਰੇ ਭਾਰਤ ਵਾਸੀਓ, ਮੈਂ ਤੁਹਾਡੇ ਤੋਂ ਵੋਟ ਨਹੀਂ, ਕਿਸੇ ਨੂੰ ਜਿਤਾਉਣ ਜਾਂ ਹਰਾਉਣ ਲਈ ਨਹੀਂ ਕਹਿ ਰਿਹਾ। ਮੈਂ ਇੱਕ ਨਵਾਂ ਭਾਰਤ ਬਣਾਉਣ ਦਾ ਸੰਕਲਪ ਲੈਣਾ ਚਾਹੁੰਦਾ ਹਾਂ। ਸਭ ਕੁਝ ਹੈ ਭਾਰਤ ਦੇ ਕੋਲ, ਫਿਰ ਵੀ ਸਾਡਾ ਦੇਸ਼ ਗਰੀਬ ਕਿਉਂ ਹੈ। ਅੱਜ ਮੈਂ ਜੇਲ੍ਹ ’ਚ ਹਾਂ, ਭਾਰਤ ਮਾਤਾ ਦੁੱਖ-ਤਕਲੀਫ਼ ’ਚ ਹੈ। ਜਦ ਲੋਕਾਂ ਨੂੰ ਰੋਟੀ ਨਹੀਂ ਮਿਲਦੀ, ਚੰਗੀ ਸਿੱਖਿਆ ਨਹੀਂ ਮਿਲਦੀ ਤਾਂ ਬਿਨਾਂ ਇਲਾਜ ਲੋਕ ਮਰ ਜਾਂਦੇ ਹਨ ਤਾਂ ਭਾਰਤ ਮਾਤਾ ਦੁਖੀ ਹੁੰਦੀ ਹੈ। 75 ਸਾਲ ਬਾਅਦ ਵੀ ਸੜਕਾਂ ਟੁੱਟੀਆਂ ਹਨ, ਉਸ ਸਮੇਂ ਕੁਝ ਨੇਤਾ ਲੱਛੇਦਾਰ ਭਾਸ਼ਣ ਦਿੰਦੇ ਹਨ। ਦੋਸਤਾਂ ਦੇ ਨਾਲ ਦੇਸ਼ ਨੂੰ ਲੁੱਟਣ ’ਚ ਲੱਗੇ ਹੋਏ ਹਨ। ਆਓ, ਮਿਲ ਕੇ ਨਵਾਂ ਭਾਰਤ ਬਣਾਉਂਦੇ ਹਾਂ। ਇੱਕ ਇਸ ਤਰ੍ਹਾਂ ਦਾ ਭਾਰਤ, ਜਿੱਥੇ ਹਰ ਹੱਥ ਨੂੰ ਕੰਮ ਮਿਲੇਗਾ, ਜਿੱਥੇ ਕੋਈ ਗਰੀਬ ਨਹੀਂ ਹੋਵੇਗਾ। ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇਗੀ, ਹਰ ਕਿਸੇ ਨੂੰ ਚੰਗਾ ਇਲਾਜ ਮਿਲੇਗਾ। ਦੇਸ਼ ਦੇ ਹਰ ਪਿੰਡ ’ਚ ਸ਼ਾਨਦਾਰ ਸੜਕਾਂ ਹੋਣਗੀਆਂ, ਜਿੱਥੇ ਦੁਨੀਆ ਭਰ ਦੇ ਨੌਜਵਾਨ ਪੜ੍ਹਨ ਆਉਣਗੇ। ਅੱਜ ਮੈਂ ਦੇਸ਼ ਦੇ 140 ਕਰੋੜ ਲੋਕਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇੰਡੀਆ ਗਠਜੋੜ ਨੂੰ ਮੌਕਾ ਦਿੰਦੇ ਹੋ ਤਾਂ ਅਸੀਂ ਮਹਾਨ ਭਾਰਤ ਬਣਾਵਾਂਗੇ। ਸਿਰਫ਼ ਨਾਂਅ ਨਾਲ ਇੰਡੀਆ ਗਠਜੋੜ ਨਹੀਂ, ਦਿਲ ’ਚ ਇੰਡੀਆ ਹੋਵੇਗਾ। ਉਨ੍ਹਾ ਕਿਹਾ ਕਿ ਕੇਜਰੀਵਾਲ ਨੇ ਆਪਣੇ ਸੰਦੇਸ਼ ’ਚ ਲਿਖਿਆ ਹੈ ਕਿ ਤੁਹਾਡੀਆਂ ਦੁਆਵਾਂ ਮੇਰੇ ਨਾਲ ਹਨ। ਮੈਂ ਠੀਕ ਹਾਂ। ਭਾਰਤ ’ਚ ਤਾਨਾਸ਼ਾਹੀ ਨਹੀਂ ਚੱਲੇਗੀ, ਅਸੀਂ ਲੜਾਂਗੇ ਅਤੇ ਜਿੱਤਾਂਗੇ।
ਸੰਵਿਧਾਨ ਖ਼ਤਮ ਕੀਤਾ ਜਾ ਰਿਹੈ : ਕਲਪਨਾ
ਉਥੇ ਹੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜੋ ਇੱਥੇ ਜਨ ਸੈਲਾਬ ਆਇਆ ਹੈ, ਇਹ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਲੋਕਤੰਤਰ ਨੂੰ ਖ਼ਤਮ ਕਰਨ ਲਈ ਜਿਸ ਤਰੀਕੇ ਨਾਲ ਤਾਨਾਸ਼ਾਹ ਤਾਕਤਾਂ ਨੇ ਆਪਣੇ ਕਦਮ ਵਧਾਏ ਹਨ, ਉਹਨਾਂ ਦਾ ਅੰਤ ਜਨਤਾ ਇਨ੍ਹਾਂ ਚੋਣਾਂ ’ਚ ਕਰ ਦੇਵੇਗੀ। ਕਲਪਨਾ ਨੇ ਕਿਹਾ ਕਿ ਜਿਸ ਢੰਗ ਨਾਲ ਦੇਸ਼ ’ਚ ਬੇਰੁਜ਼ਗਾਰੀ, ਮਹਿੰਗਾਈ ਸੱਤਵੇਂ ਅਸਮਾਨ ’ਤੇ ਹੈ ਅਤੇ ਨਫ਼ਰਤ ਦੀ ਅੱਗ ਫੈਲਾਈ ਜਾ ਰਹੀ ਹੈ, ਹਰ ਜਾਤੀ, ਵਰਗ ਦੀ ਰੱਖਿਆ ਲਈ ਵੀ ਇੱਥੇ ਕੋਈ ਖੜਾ ਨਹੀਂ ਹੋਇਆ। ਭਾਰਤ ਦੀ ਜਨਤਾ ਸਭ ਤੋਂ ਵੱਡੀ ਹੈ। ਕੋਈ ਵੀ ਦਲ 140 ਕਰੋੜ ਦੀ ਜਨਤਾ ਤੋਂ ਸ਼ਕਤੀਸ਼ਾਲੀ ਅਤੇ ਤਾਕਤਾਵਰ ਨਹੀਂ ਹੋ ਸਕਦਾ। ਇਸ ਲਈ ਤੁਹਾਨੂੰ ਆਉਣ ਵਾਲੀਆਂ ਚੋਣਾਂ ’ਚ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਕੇ ਇੰਡੀਆ ਗਠਜੋੜ ਨੂੰ ਜਿੱਤ ਦਿਵਾਉਣੀ ਹੋਵੇਗੀ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਇੱਕ ਦੇਸ਼ ਅਤੇ ਇੱਕ ਵਿਅਕਤੀ ਦੀ ਸਰਕਾਰ ਦੇਸ਼ ਲਈ ਮੁਸ਼ਕਲ ਬਣ ਜਾਵੇਗੀ। ਇਹ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ, ਇਹ ਸਿਰਫ਼ ਸ਼ੱਕ ਨਹੀਂ, ਬਲਕਿ ਸੱਚਾਈ ਹੈ। ਉਨ੍ਹਾ ਕਿਹਾ ਕਿ ਜੇਕਰ ਦੋ ਭੈਣਾਂ ਹਿੰਮਤ ਨਾਲ ਲੜ ਰਹੀਆਂ ਹਨ ਤਾਂ ਭਰਾ ਕਿਸ ਤਰ੍ਹਾਂ ਪਿੱਛੇ ਰਹਿਣਗੇ। ਉਨ੍ਹਾ ਇਹ ਗੱਲ ਸੁਨੀਤਾ ਕੇਜਰੀਵਾਲ ਅਤੇ ਕਲਪਨਾ ਸੋਰੇਨ ਨੂੰ ਸੰਬੋਧਨ ਕਰਦੇ ਹੋਏ ਕਹੀ। ਉਹਨਾ ‘ਅਬਕੀ ਬਾਰ, ਭਾਜਪਾ ਤੜੀਪਾਰ’ ਦੇ ਨਾਅਰੇ ਲਾਏ। ਠਾਕਰੇ ਨੇ ਕਿਹਾ, ‘ਮੈਂ ਸੁਨੀਤਾ ਕੇਜਰੀਵਾਲ ਅਤੇ ਕਲਪਨਾ ਸੋਰੇਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ।’ ਇਸੇ ਦੌਰਾਨ ਉਨ੍ਹਾ ਕਿਹਾਹੁਣ ਭਾਰਤ ’ਚ ਗਠਜੋੜ ਸਰਕਾਰ ਲਿਆਉਣ ਦਾ ਸਮਾਂ ਆ ਗਿਆ ਹੈ। ਅਸੀਂ ਇੱਥੇ ਲੋਕਤੰਤਰ ਦੀ ਰੱਖਿਆ ਲਈ ਇਕੱਠੇ ਹੋਏ ਹਾਂ।
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ, ‘ਨਾ ਵਕੀਲ, ਨਾ ਦਲੀਲ, ਨਾ ਕਾਰਵਾਈ, ਸਿੱਧਾ ਜੇਲ੍ਹ ’ਚ ਸੁੱਟ ਦਿੱਤਾ ਜਾਂਦਾ ਹੈ।’ ਉਨ੍ਹਾ ਮੰਚ ਤੋਂ ਉਮਰ ਖਾਲਿਦ ਦਾ ਜਿਕਰ ਕੀਤਾ ਅਤੇ ਦੱਸਿਆ ਕਿ ਉਹ ਦੋ ਸਾਲ ਤੋਂ ਜੇਲ੍ਹ ’ਚ ਹੈ। ਜੰਮੂ-ਕਸ਼ਮੀਰ ਅੱਜ ਲੈਬਾਰਟਰੀ ਬਣ ਗਿਆ ਹੈ। ਹੇਮੰਤ, ਕੇਜਰੀਵਾਲ ਦਾ ਕੀ ਕਸੂਰ? ਮਹਿਬੂਬਾ ਮੁਫ਼ਤੀ ਨੇ ਕਿਹਾ, ‘ਇਨ੍ਹਾਂ ਨੂੰ ਇੱਕ ਪਰਵਾਰ ਤੋਂ ਬਹੁਤ ਸ਼ਿਕਾਇਤ ਹੈ। ਮਹਿਬੂਬਾ ਮੁਫਤੀ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਗਿ੍ਰਫ਼ਤਾਰੀ ਲਈ ਨਹੀਂ, ਬਲਕਿ ਦੇਸ਼ ਦਾ ਸੰਵਿਧਾਨ ਬਚਾਉਣ ਲਈ ਰਾਮਲੀਲ੍ਹਾ ਮੈਦਾਨ ’ਚ ਪਹੁੰਚੇ ਹਨ।’ ਉਨ੍ਹਾ ਕਿਹਾ, ਹੇਮੰਤ ਸੋਰੇਨ ਅਤੇ ਕੇਜਰੀਵਾਲ ਇਸ ਲਈ ਜੇਲ੍ਹ ’ਚ ਹਨ, ਕਿਉਂਕਿ ਉਹ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੇ ਸਨ।
ਕਾਂਗਰਸ ਸਾਂਸਦ ਦਪਿੰਦਰ ਹੁੱਡਾ ਨੇ ਕਿਹਾ, ‘ਇਹ ਲੜਾਈ ਦੇਸ਼, ਲੋਕਤੰਤਰ, ਸੰਵਿਧਾਨ, ਦੇਸ਼ ਦੇ ਭਵਿੱਖ, ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਦੀ ਰੱਖਿਆ ਲਈ ਹੈ। ਇਹ ਲੜਾਈ ਨਿਆਏ ਅਤੇ ਸੱਚਾਈ ਲਈ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਪੂਰਾ ਦੇਸ਼ ਇਸ ਲੜਾਈ ’ਚ ਇੰਡੀਆ ਗਠਜੋੜ ਦੇ ਨਾਲ ਹੋਵੇਗਾ। ਹਰ ਕੋਈ ਇਕਜੁੱਟ ਹੋ ਕੇ ਇਸ ਲੜਾਈ ਨੂੰ ਲੜੇਗਾ।’
‘ਤੁਮ ਤੋਂ ਧੋਖੇਬਾਜ਼ ਹੋ, ਵਾਅਦਾ ਕਰਕੇ ਭੂਲ ਜਾਤੇ ਹੋ : ਤੇਜਸਵੀ ਯਾਦਵ
ਤੇਜਸਵੀ ਯਾਦਵ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਦਿੱਲੀ ਦੀ ਭੀੜ ਦੱਸ ਰਹੀ ਹੈ ਕਿ ਮੋਦੀ ਜਿਸ ਹਨੇਰੀ ਦੀ ਤਰ੍ਹਾਂ ਆਏ ਸਨ, ਉਸੇ ਤੂਫ਼ਾਨ ਦੀ ਤਰ੍ਹਾਂ ਚਲੇ ਜਾਣਗੇ। ਤੇਜਸਵੀ ਨੇ ਮੋਦੀ ’ਤੇ ਹਮਲਾ ਬੋਲਦੇ ਹੋਏ ਕਿਹਾ, ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਵੀ ਉਸੇ ਤਰ੍ਹਾਂ ਦੀਆਂ ਹਨ, ਜਿਸ ਤਰ੍ਹਾਂ ਦਾ ਚਾਈਨਾ ਦਾ ਸਮਾਨ। ਉਨ੍ਹਾ ਕਿਹਾ ਕਿ ਲੋਕਤੰਤਰ ਤੇ ਸੰਵਿਧਾਨ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ। ਦੇਸ਼ ’ਚ ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ ਹੈ। ਨਫ਼ਰਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਤੇਜਸਵੀ ਨੇ ਕਿਹਾ, ‘ਮੋਦੀ ਤੁਮ ਤੋਂ ਧੋਖੇਬਾਜ਼ ਹੋ, ਵਾਅਦਾ ਕਰਕੇ ਭੂਲ ਜਾਂਦੇ ਹੋ।’ ਉਨ੍ਹਾ ਕਿਹਾ, ‘ਰੋਜ਼ ਰੋਜ਼ ਮੋਦੀ ਜੀ ਤੁਮ ਐਸਾ ਕਰੋਗੇ, ਜਨਤਾ ਰੂਠ ਜਾਏਗੀ ਤੋ ਹਾਥ ਮਲਦੇ ਰਹਿ ਜਾਓਗੇ।’
ਅਖਿਲੇਸ਼ ਯਾਦਵ ਨੇ ਕਿਹਾਭਾਜਪਾ ਨੇ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਹਰਕਤ ਲਈ ਭਾਰਤ ਦੇ ਲੋਕ ਹੀ ਨਹੀਂ, ਬਲਕਿ ਦੁਨੀਆ ਦੇ ਲੋਕ ਵੀ ਭਾਜਪਾ ’ਤੇ ਥੁੱਕ ਰਹੇ ਹਨ। ਜਿਸ ਲੋਕਤੰਤਰ ਲਈ ਭਾਰਤ ਦਾ ਸਨਮਾਨ ਹੁੰਦਾ ਸੀ, ਅੱਜ ਭਾਜਪਾ ਨੇ ਦੁਨੀਆ ’ਚ ਇਸ ਦੀ ਥੂ-ਥੂ ਕਰਵਾ ਦਿੱਤੀ ਹੈ। ਭਾਜਪਾ ਕਹਿੰਦੀ ਹੈ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਪਰ ਇਨ੍ਹਾਂ ਦੇ 10 ਸਾਲਾਂ ਦਾ ਕਾਰਜਕਾਲ ਦੇਖਣ ’ਤੇ ਪਤਾ ਚੱਲਦਾ ਹੈ ਕਿ ਇਹ ਸਭ ਤੋਂ ਵੱਡੀ ਝੂਠੀ ਪਾਰਟੀ ਹੈ। ਸਪਾ ਪ੍ਰਮੁੱਖ ਨੇ ਕਿਹਾ ਭਾਜਪਾ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਨੂੰ ਅੱਗੇ ਕਰ ਰਹੀ ਹੈ। ਸੱਤਾ ਨੂੰ ਬਚਾਉਣ ਲਈ ਭਾਜਪਾ ਏਜੰਸੀਆਂ ਨੂੰ ਅੱਗੇ ਕਰ ਰਹੀ ਹੈ। ਇਸ ਦਾ ਮਤਲਬ ਹੋਇਆ ਕਿ ਇਹ ਲੋਕ 400 ਪਾਰ ਨਹੀਂ, 400 ਸੀਟਾਂ ਹਾਰ ਰਹੇ ਹਨ। ਦੇਸ਼ ਦੇ ਹਾਲਾਤ ਭਾਜਪਾ ਦੇ ਨਾਲ ਨਹੀਂ ਹਨ। ਦੇਸ਼ ਜਾਣ ਚੁੱਕਾ ਹੈ ਕਿ ਏਜੰਸੀਆਂ ਦਾ ਡਰ ਦਿਖਾ ਕੇ ਭਾਜਪਾ ਕਿੰਨਾ ਚੰਦਾ ਇਕੱਠਾ ਕਰ ਰਹੀ ਹੈ। ਇਸ ਮੁੱਦੇ ਨੂੰ ਦਬਾਉਣ ਲਈ ਵਿਰੋਧੀ ਨੇਤਾਵਾਂ ’ਤੇ ਝੂਠੇ ਕੇਸ ਕੀਤੇ ਜਾ ਰਹੇ ਹਨ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾਲੋਕਤੰਤਰ ਖਤਰੇ ’ਚ ਹੈ। ਮੋਦੀ ਸਰਕਾਰ ਨੂੰ ਲੱਗਦਾ ਹੈ ਕਿ ਦੇਸ਼ ਨੂੰ ਡੰਡੇ ਨਾਲ ਚਲਾ ਲਵਾਂਗੇ। ਇਹ ਦੇਸ਼ ਕਿਸੇ ਦੇ ‘ਬਾਪ ਦੀ ਜਗੀਰ’ ਨਹੀ, ਇਹ ਦੇਸ਼ 140 ਕਰੋੜ ਲੋਕਾਂ ਦਾ ਹੈ। ਇਹ ਆਜ਼ਾਦੀ ਸਾਨੂੰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਵਰਗੇ ਸੂਰਬੀਰਾਂ ਨੇ ਦਿਵਾਈ ਹੈ। ਇਹ ਕੀ ਸਮਝਦੇ ਹਨ ਕਿ ਕਿਸੇ ਨੂੰ ਵੀ ਅੰਦਰ ਕਰ ਦਿਓ, ਉਸ ਨੂੰ ਵੀ ਅੰਦਰ ਕਰ ਦਿਓ, ਕਿਸੇ ਦੇ ਖਾਤੇ ਫਰੀਜ਼ ਕਰ ਦਿਓ, ਕਿਸੇ ਪਾਰਟੀ ਦੇ ਨੇਤਾ ਜੇਲ੍ਹ ’ਚ ਸੁੱਟ ਦਿਓ। ਅਸੀਂ ਸ਼ਾਖ ਦੇ ਪੱਤੇ ਨਹੀਂ, ਜੋ ਸ਼ਾਖ ਨਾਲੋਂ ਟੁੱਟ ਕੇ ਡਿੱਗ ਜਾਵਾਂਗੇ। ਹਵਾਵਾਂ ਨੂੰ ਕਹਿ ਦਿਓ ਕਿ ਉਹ ਆਪਣੀ ਔਕਾਤ ’ਚ ਰਹੇ। ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰ ਦਿਓ, ਹੇਮੰਤ ਸੋਰੇਨ ਨੂੰ ਅੰਦਰ ਕਰ ਦਿਓ। ਇਸ ਦੇ ਘਰ ਈ ਡੀ ਭੇਜ ਦਿਓ, ਉਸ ਦੇ ਘਰ ਸੀ ਬੀ ਆਈ ਭੇਜ ਦਿਓ। ਇਹ ਗਲਤਫਹਿਮੀ ਹੈ, ਹਕੂਮਤ ਉਹ ਕਰਦੇ ਹਨ, ਜਿਨ੍ਹਾਂ ਦਾ ਲੋਕਾਂ ਦੇ ਦਿਲਾਂ ’ਤੇ ਰਾਜ ਹੁੰਦਾ ਹੈ, ਕਹਿਣ ਨੂੰ ਤਾਂ ਮੁਰਗੇ ਦੇ ਸਿਰ ’ਤੇ ਵੀ ਤਾਜ ਹੁੰਦਾ ਹੈ। ਅੱਜ ਸੁਨੀਤਾ ਕੇਜਰੀਵਾਲ ਅਤੇ ਕਲਪਨਾ ਸੋਰੇਨ ਵੀ ਇੱਥੇ ਮੌਜੂਦ ਹਨ। ਮੈਂ ਇਨ੍ਹਾਂ ਨੂੰ ਨਮਨ ਕਰਦਾ ਹਾਂ ਕਿ ਇਨ੍ਹਾਂ ਕੀ-ਕੀ ਦੁੱਖ ਝੱਲੇ। ਭਾਜਪਾ ਦੇਸ਼ ਦੇ ਟੁਕੜੇ ਕਰਨਾ ਚਾਹੁੰਦੀ ਹੈ। ਇਹ ਦੇਸ਼ ਨੂੰ ਨਫ਼ਰਤ ਦੀ ਹਨੇਰੀ ’ਚ ਧੱਕ ਰਹੇ ਹਨ। ਇਹ ਸੀ ਏ ਏ ਲੈ ਕੇ ਆਏ। ਮੈਂ ਪਾਰਲੀਮੈਂਟ ’ਚ ਸੀ। ਮੈਂ ਕਿਹਾ, ਮੈਨੂੰ 30 ਸੈਕਿੰਡ ਬੋਲਣ ਦਿਓ, ਮੈਨੂੰ ਕਿਹਾ ਗਿਆ ਨਹੀਂ। ਫਿਰ ਮੈਂ ਕਿਹਾ 20 ਸੈਕਿੰਡ ਬੋਲਣ ਦਿਓ। ਉਨ੍ਹਾਂ ਕਿਹਾਏਨੇ ਸਮੇਂ ’ਚ ਕੀ ਬੋਲੋਗੇ। ਮੈਂ ਕਿਹਾ, ‘ਲੰਬੇ ਸਫ਼ਰ ਕੋ ਮੀਲੋਂ ਮੇਂ ਮਤ ਬਾਂਟੀਏ.. ਕੌਮ ਕੋ ਕਬੀਲੋਂ ਮੇਂ ਮਤ ਬਾਂਟੀਏ.. ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼.. ਇਸ ਕੋ ਝੀਲੋਂ ਮੇਂ ਮਤ ਬਾਂਟੀਏ।’
ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ’ਚ ਲਿਖਿਆਨਰੇਂਦਰ ਮੋਦੀ ਲੋਕਤੰਤਰ ਦਾ ਗਲਾ ਦਬਾ ਕੇ ਜਨਤਾ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਦਾ ਵਿਕਲਪ ਖੋਹ ਲੈਣਾ ਚਾਹੁੰਦੇ ਹਨ। ਇੱਕ ਪਾਸੇ ਜਿੱਥੇ ‘ਚੰਦੇ ਦਾ ਧੰਦਾ’ ਕਰ ਰਹੀ ਭਾਜਪਾ ਦੇਸ਼ ’ਚ ‘ਵਸੂਲੀ ਸਰਕਾਰ’ ਚਲਾ ਰਹੀ ਹੈ, ਉਥੇ ਦੂਜੇ ਪਾਸੇ ਪ੍ਰਮੁੱਖ ਆਪੋਜ਼ੀਸ਼ਨ ਦਲ ਦਾ ਅਕਾਊਂਟ ਫਰੀਜ਼ ਕਰ, ਮੁੱਖ ਮੰਤਰੀਆਂ ਨੂੰ ਜੇਲ੍ਹ ’ਚ ਸੁੱਟ ਕੇ ਅਤੇ ਆਜ਼ਾਦ ਆਵਾਜ਼ ਨੂੰ ਦਬਾ ਕੇ ਉਹ ਆਪੋਜ਼ੀਸ਼ਨ ਨੂੰ ਜਾਇਜ ਢੰਗ ਨਾਲ ਚੋਣ ਤੱਕ ਨਹੀਂ ਲੜਨ ਦੇਣਾ ਚਾਹੁੰਦੀ।
ਜੋ ਭਾਜਪਾ ਦੇ ਨਾਲ ਨਹੀਂ-ਉਸ ਨੂੰ ਜੇਲ੍ਹ
ਜੋ ਭਾਜਪਾ ਨੂੰ ਚੰਦਾ ਦੇਵੇ- ਉਸ ਨੂੰ ਬੇਲ
ਪ੍ਰਮੁੱਖ ਆਪੋਜ਼ੀਸ਼ਨ ਦਲ ਦੇ ਨਾਲ-ਨੋਟਿਸ ਦਾ ਖੇਲ
ਇਲੈਕਟ੍ਰੋਲ ਬਾਂਡ ਲਈ-ਬਲੈਕਮੇਲ
ਉਨ੍ਹਾ ਲਿਖਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਦੇਸ਼ ’ਚ ਸਰਕਾਰ ਨਹੀਂ, ਕੋਈ ਅਪਰਾਧਿਕ ਗੈਂਗ ਸਰਕਾਰ ਚਲਾ ਰਿਹਾ ਹੋਵੇ। ਇਸ ਝੂਠੀ, ਹੰਕਾਰੀ ਅਤੇ ਭਿ੍ਰਸ਼ਟ ਸਰਕਾਰ ਦਾ ਸੱਚ ਦੱਸਣ ਲਈ ‘ਇੰਡੀਆ’ ਗਠਜੋੜ ਦੀ ਦਿੱਲੀ ’ਚ ਇਹ ਰੈਲੀ ਹੈ।

Related Articles

LEAVE A REPLY

Please enter your comment!
Please enter your name here

Latest Articles