ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੀ ਆਬਕਾਰੀ ਨੀਤੀ 2021-22 ‘ਚ ਨਿਯਮਾਂ ਦੀ ਉਲੰਘਣਾ ਅਤੇ ਪ੍ਰਕਿਰਿਆ ਦੀਆਂ ਖਾਮੀਆਂ ਕਾਰਨ ਸੀ ਬੀ ਆਈ ਤੋਂ ਜਾਂਚ ਦੀ ਕਰਾਉਣ ਦੀ ਸਿਫਾਰਸ਼ ਕੀਤੀ ਹੈ | ਇਹ ਸਿਫਾਰਸ਼ ਇਸ ਮਹੀਨੇ ਦੇ ਸ਼ੁਰੂ ‘ਚ ਦਿੱਲੀ ਦੇ ਮੁੱਖ ਸਕੱਤਰ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ | ਸੂਤਰਾਂ ਮੁਤਾਬਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜਿਨ੍ਹਾ ਕੋਲ ਆਬਕਾਰੀ ਵਿਭਾਗ ਹੈ, ਨੇ ਮਨਮਰਜ਼ੀ ਨਾਲ ਫੈਸਲੇ ਲਏ | ਉਨ੍ਹਾ ਟੈਂਡਰ ਪਾਸ ਹੋਣ ਤੋਂ ਬਾਅਦ ਸ਼ਰਾਬ ਦੇ ਲਸੰਸੀਆਂ ਨੂੰ ਫਾਇਦਾ ਪਹੁੰਚਾ ਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ |
ਉਨ੍ਹਾ ਕੋਰੋਨਾ ਮਹਾਂਮਾਰੀ ਦੇ ਬਹਾਨੇ ਲਸੰਸੀਆਂ ਦੇ 144 ਕਰੋੜ 36 ਲੱਖ ਰੁਪਏ ਮੁਆਫ ਕਰ ਦਿੱਤੇ | ਦਿੱਲੀ ਸਰਕਾਰ ਨੇ ਏਅਰਪੋਰਟ ਜ਼ੋਨ ਵਿਚ ਬੋਲੀ ਦੇਣ ਵਾਲੇ ਦੀ 30 ਕਰੋੜ ਰੁਪਏ ਦੀ ਰਕਮ ਬਿਆਨਾ ਵੀ ਮੋੜ ਦਿੱਤੀ, ਜਦੋਂ ਉਹ ਏਅਰਪੋਰਟ ਅਥਾਰਟੀ ਤੋਂ ਐੱਨ ਓ ਸੀ ਲੈਣ ਵਿਚ ਨਾਕਾਮ ਰਿਹਾ | ਨਿਯਮ ਕਹਿੰਦੇ ਹਨ ਕਿ ਠੇਕਾ ਹਾਸਲ ਕਰਨ ਵਾਲੇ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਨਹੀਂ ਤਾਂ ਉਸ ਦੀ ਰਕਮ ਬਿਆਨਾ ਜ਼ਬਤ ਕਰ ਲਈ ਜਾਵੇਗੀ | ਸਰਕਾਰ ਨੇ 8 ਨਵੰਬਰ 2021 ਨੂੰ ਵਿਦੇਸ਼ੋਂ ਆਉਂਦੀ ਬੀਅਰ ‘ਤੇ ਬਿਨਾਂ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਦੇ ਪ੍ਰਤੀ ਕੇਸ 50 ਰੁਪਏ ਦੀ ਲੇਵੀ ਹਟਾ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ | 2021-22 ਦੀ ਆਬਕਾਰੀ ਨੀਤੀ ਪਿਛਲੇ ਸਾਲ 17 ਨਵੰਬਰ ਨੂੰ ਲਾਗੂ ਹੋਈ ਸੀ | ਭਾਜਪਾ ਤੇ ਕਾਂਗਰਸ ਨੇ ਆਬਕਾਰੀ ਨੀਤੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਉਪ ਰਾਜਪਾਲ ਤੋਂ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ | ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਇਹ ਸਾਰਾ ਮਾਮਲਾ ਝੂਠਾ ਹੈ | ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਸਾਜ਼ਿਸ਼ ਹੈ | ਉਨ੍ਹਾ ਕਿਹਾ ਕਿ ਪਹਿਲਾਂ ਮੰਤਰੀ ਸਤਿੰਦਰ ਜੈਨ ਨੂੰ ਝੂਠੇ ਕੇਸ ‘ਚ ਫਸਾਇਆ ਗਿਆ ਤੇ ਹੁਣ ਸਿਸੋਦੀਆ ਨੂੰ ਫਸਾਇਆ ਜਾ ਰਿਹਾ ਹੈ | ਉਹ ਮਨੀਸ਼ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦੇ ਹਨ ਤੇ ਉਹ ਇਮਾਨਦਾਰ ਵਿਅਕਤੀ ਹਨ | ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਸਿਸੋਦੀਆ ਨੇ ਸਿੱਖਿਆ ਮੰਤਰੀ ਵਜੋਂ ਦਿੱਲੀ ਦੇ ਸਕੂਲਾਂ ਦੀ ਕਾਇਆਕਲਪ ਕੀਤੀ ਹੈ | ਕੇਂਦਰ ‘ਆਪ’ ਸਰਕਾਰ ਨੂੰ ਪ੍ਰਗਤੀਸ਼ੀਲ ਕੰਮ ਕਰਨ ਤੋਂ ਰੋਕਣਾ ਚਾਹੁੰਦਾ ਹੈ | ਉਨ੍ਹਾ ਕਿਹਾ-ਅਸੀਂ ਜੇਲ੍ਹ ਜਾਣ ਤੋਂ ਨਹੀਂ ਡਰਦੇ | ਜੈਨ, ਸਿਸੋਦੀਆ ਜਾਂ ਮੈਨੂੰ ਫੜ ਲਓ, ਅਸੀਂ ਡਰਨ ਵਾਲੇ ਨਹੀਂ | ਤੁਸੀਂ ਸਾਵਰਕਰ ਦੇ ਪੁੱਤ ਹੋ ਤੇ ਅਸੀਂ ਭਗਤ ਸਿੰਘ ਦੇ ਪੈਰੋਕਾਰ ਹਾਂ |
ਉਨ੍ਹਾ ਕਿਹਾ ਕਿ ਰਵਾਇਤੀ ਪਾਰਟੀਆਂ ਕੁਰੱਪਟ ਹਨ ਅਤੇ ਇਨ੍ਹਾਂ ਦੇਸ਼ ਦਾ ਬੇੜਾ ਗਰਕ ਕੀਤਾ | ਉਹ ਆਪਣੇ ਵਾਂਗ ‘ਆਪ’ ਆਗੂਆਂ ਨੂੰ ਵੀ ਕੁਰੱਪਟ ਸਾਬਤ ਕਰਨਾ ਚਾਹੁੰਦੀਆਂ ਹਨ | ਕੇਂਦਰ ਤੇ ਭਾਜਪਾ ‘ਆਪ’ ਦੀ ਦੇਸ਼ ਵਿਚ ਵਧ ਰਹੀ ਮਕਬੂਲੀਅਤ, ਖਾਸਕਰ ਇਸ ਦੀ ਪੰਜਾਬ ਵਿਚ ਸਰਕਾਰ ਬਣਨ ਤੋਂ ਦੁਖੀ ਹਨ |