ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਜੁਲਾਈ ਨੂੰ ਜਿਸ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ ਸੀ, ਮੀਂਹ ਨਾਲ ਉਸ ਵਿਚ ਵੱਡੇ ਟੋਏ ਪੈ ਗਏ | ਅਪੋਜ਼ੀਸ਼ਨ ਆਗੂਆਂ ਨੇ ਤਾਂ ਸਰਕਾਰ ‘ਤੇ ਹਮਲਾ ਬੋਲਣਾ ਹੀ ਸੀ, ਭਾਜਪਾ ਸਾਂਸਦ ਵਰੁਣ ਗਾਂਧੀ ਨੇ ਵੀ ਸੜਕ ਦੀ ਕੁਆਲਿਟੀ ‘ਤੇ ਸੁਆਲ ਉਠਾਇਆ ਹੈ | ਵਰੁਣ ਗਾਂਧੀ ਨੇ ਟਵੀਟ ਕੀਤਾ ਹੈ—15 ਹਜ਼ਾਰ ਕਰੋੜ ਦੀ ਲਾਗਤ ਨਾਲ ਬਣਿਆ ਐਕਸਪ੍ਰੈੱਸਵੇਅ ਜੇ ਬਰਸਾਤ ਦੇ ਪੰਜ ਦਿਨ ਵੀ ਨਾ ਝੱਲ ਸਕੇ ਤਾਂ ਉਸਦੀ ਕੁਆਲਿਟੀ ‘ਤੇ ਗੰਭੀਰ ਸੁਆਲ ਖੜ੍ਹੇ ਹੁੰਦੇ ਹਨ | ਇਸ ਪ੍ਰੋਜੈਕਟ ਦੇ ਹੈੱਡ, ਸੰਬੰਧਤ ਇੰਜੀਨੀਅਰਾਂ ਤੇ ਜ਼ਿੰਮੇਵਾਰ ਕੰਪਨੀਆਂ ਨੂੰ ਫੌਰੀ ਤਲਬ ਕਰਕੇ ਉਨ੍ਹਾਂ ਵਿਰੁੱਧ ਕਰੜੀ ਕਾਰਵਾਈ ਯਕੀਨੀ ਬਣਾਉਣੀ ਹੋਵੇਗੀ | ਜਲੌਨ ਜ਼ਿਲ੍ਹੇ ਨੇੜੇ ਛਿਰੀਆ ਸਲੇਮਪੁਰ ਵਿਚ ਐਕਸਪ੍ਰੈੱਸਵੇਅ ਬਹਿ ਗਿਆ | ਟੋਏ ਭਰਨ ਲਈ ਕਈ ਬੁਲਡੋਜ਼ਰ ਲਾਏ ਗਏ | ਤੇਜ਼ੀ ਨਾਲ ਮੁਰੰਮਤ ਕਰਕੇ ਉਸਨੂੰ ਟਰੈਫਿਕ ਲਈ ਖੋਲਿ੍ਹਆ ਗਿਆ | ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਭਾਜਪਾ ਦੇ ਵਿਕਾਸ ਦੀ ਕੁਆਲਿਟੀ ਦਾ ਨਮੂਨਾ ਹੈ | ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਵੱਡੇ ਬੰਦੇ ਨੇ ਕੀਤਾ ਸੀ ਤੇ ਇਕ ਹਫਤੇ ਵਿਚ ਹੀ ਕੁਰੱਪਸ਼ਨ ਦਾ ਟੋਆ ਨਜ਼ਰ ਆ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਤਰਕੂਟ ਵਿਚ ਭਾਰਤਕੂਪ ਤੋਂ ਇਟਾਵਾ ਵਿਚ ਕੁਦਰੇਲ ਤਕ ਦੇ 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ 296 ਕਿਲੋਮੀਟਰ ਲੰਬੇ ਫੋਰ ਲੇਨ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ ਸੀ | ਯੂ ਪੀ ਕਾਂਗਰਸ ਨੇ ਕਿਹਾ ਹੈ ਕਿ ਇਹ ਐਕਸਪ੍ਰੈੱਸਵੇਅ ਉਨ੍ਹਾਂ ਨੇ ਬਣਾਇਆ ਜਿਨ੍ਹਾਂ ਵਾਅਦਾ ਕੀਤਾ ਸੀ ਕਿ ਯੂ ਪੀ ਦੀਆਂ ਸੜਕਾਂ ਨੂੰ ਟੋਆ-ਮੁਕਤ ਕਰਾਂਗੇ |