ਮੁੰਬਈ : ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਐਤਵਾਰ ਤੜਕੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਂਦਰਾ ਇਲਾਕੇ ’ਚ ਸਥਿਤ ‘ਗਲੈਕਸੀ ਅਪਾਰਟਮੈਂਟਸ’ ਦੇ ਬਾਹਰ ਲਗਭਗ 5 ਵਜੇ ਦੋ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਪਿਛਲੇ ਸਾਲ ਮਾਰਚ ’ਚ ਸਲਮਾਨ ਦੇ ਦਫਤਰ ਨੂੰ ਇੱਕ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ ਸੀ। ਇਸ ਮਗਰੋਂ ਮੁੰਬਈ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਇੱਕ ਹੋਰ ਖਿਲਾਫ ਐੱਫ ਆਈ ਆਰ ਦਰਜ ਕੀਤੀ ਸੀ। ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁਕ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਇਹ ਆਖਰੀ ਵਾਰਨਿੰਗ ਹੈ ਤੇ ਇਸ ਤੋਂ ਬਾਅਦ ਕੰਧਾਂ ਜਾਂ ਕਿਸੇ ਖਾਲੀ ਘਰ ’ਤੇ ਗੋਲੀਆਂ ਨਹੀਂ ਚਲਾਈਆਂ ਜਾਣਗੀਆਂ। ਅਨਮੋਲ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਲੋੜੀਂਦਾ ਹੈ।



