ਗਾਜ਼ੀਆਬਾਦ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਦੋਸ਼ ਲਾਇਆ ਕਿ ਚੋਣ ਬਾਂਡ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਸਕੀਮ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਿ੍ਰਸ਼ਟਾਚਾਰ ਦੇ ਚੈਂਪੀਅਨ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਉਨ੍ਹਾ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਨੂੰ ਇਸ ਚੋਣ ’ਚ 150 ਤੋਂ ਵੱਧ ਸੀਟਾਂ ਨਹੀਂ ਮਿਲ ਰਹੀਆਂ। ਯਾਦਵ ਨੇ ਕਿਹਾ ਕਿ ਚੋਣਾਂ ’ਚ ਗਾਜ਼ੀਆਬਾਦ ਤੋਂ ਗਾਜ਼ੀਪੁਰ ਤੱਕ ਭਾਜਪਾ ਦਾ ਸਫਾਇਆ ਹੋ ਜਾਵੇਗਾ।
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਚੋਣ ਬਾਂਡ ਸਕੀਮ ਚੋਣ ਫੰਡਿੰਗ ਵਿਚ ਪਾਰਦਰਸ਼ਤਾ ਲਿਆਉਣ ਲਈ ਲਿਆਂਦੀ ਗਈ ਸੀ, ਪਰ ਫਿਰ ਸੁਪਰੀਮ ਕੋਰਟ ਨੇ ਰੱਦ ਕਿਉ ਕਰ ਦਿੱਤੀ। ਪ੍ਰਧਾਨ ਮੰਤਰੀ ਜਿੰਨੀਆਂ ਮਰਜ਼ੀ ਸਫਾਈਆਂ ਦੇਣ, ਸਾਰੇ ਦੇਸ਼ ਵਾਸੀ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਭਿ੍ਰਸ਼ਟਾਚਾਰ ਦੇ ਚੈਂਪੀਅਨ ਹਨ। ਪ੍ਰਧਾਨ ਮੰਤਰੀ ਵੱਲੋਂ ਉਨ੍ਹਾ (ਰਾਹੁਲ) ਦੇ ਗਰੀਬੀ ਇੱਕੋ ਝਟਕੇ ਨਾਲ ਖਤਮ ਕਰਨ ਦੇ ਬਿਆਨ ਦੀ ਨੁਕਤਾਚੀਨੀ ਕਰਨ ਬਾਰੇ ਰਾਹੁਲ ਨੇ ਕਿਹਾ ਕਿ ਕਿਸੇ ਨੇ ਨਹੀਂ ਕਿਹਾ ਕਿ ਗਰੀਬੀ ਇੱਕੋ ਝਟਕੇ ਵਿਚ ਖਤਮ ਹੋ ਜਾਵੇਗੀ, ਪਰ ਅਸੀਂ ਇਸ ਨੂੰ ਖਤਮ ਕਰਨ ਲਈ ਜ਼ੋਰ ਲਾ ਸਕਦੇ ਹਾਂ। ਅਮੇਠੀ ਤੋਂ ਚੋਣ ਲੜਨ ਬਾਰੇ ਰਾਹੁਲ ਨੇ ਕਿਹਾ ਕਿ ਉਹ ਪਾਰਟੀ ਦਾ ਫੈਸਲਾ ਮੰਨਣਗੇ।
ਸਮਾਜਵਾਦੀ ਪਾਰਟੀ ਤੇ ਕਾਂਗਰਸ ਯੂ ਪੀ ਦੀਆਂ 80 ਸੀਟਾਂ ਮਿਲ ਕੇ ਲੜ ਰਹੀਆਂ ਹਨ। ਸਮਾਜਵਾਦੀ ਪਾਰਟੀ 63 ਤੇ ਕਾਂਗਰਸ 17 ਸੀਟਾਂ ਲੜ ਰਹੀ ਹੈ।





