ਨਵੀਂ ਦਿੱਲੀ : ਈ ਡੀ ਨੇ ਮਨੀ ਲਾਂਡਰਿੰਗ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੇ ਪੁਣੇ ਵਿਚਲੇ ਬੰਗਲੇ ਅਤੇ ਸ਼ੇਅਰਾਂ ਸਮੇਤ 97.79 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਮਾਮਲਾ ਬਿਟਕੋਇਨਾਂ ਦੀ ਵਰਤੋਂ ਰਾਹੀਂ ਨਿਵੇਸ਼ਕ ਫੰਡਾਂ ਦੀ ਧੋਖਾਧੜੀ ਨਾਲ ਸੰਬੰਧਤ ਹੈ। ਕੁਰਕ ਕੀਤੀਆਂ ਗਈਆਂ ਸੰਪਤੀਆਂ ਵਿਚ ਜੁਹੂ (ਮੁੰਬਈ) ਵਿਚ ਸ਼ੈਟੀ ਦੇ ਨਾਂਅ ’ਤੇ ਰਿਹਾਇਸ਼ੀ ਫਲੈਟ, ਪੁਣੇ ਵਿਚ ਰਿਹਾਇਸ਼ੀ ਬੰਗਲਾ ਅਤੇ ਕੁੰਦਰਾ ਦੇ ਨਾਂਅ ’ਤੇ ਸ਼ੇਅਰ ਸ਼ਾਮਲ ਹਨ। ਇਸ ਵਿੱਚ ਕਿਹਾ ਗਿਆ ਹੈ ਕਿ 97.79 ਕਰੋੜ ਰੁਪਏ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਹੁਕਮ ਜਾਰੀ ਕੀਤਾ ਗਿਆ।
ਬਿ੍ਰਜ ਭੂਸ਼ਣ ਬਾਰੇ ਫੈਸਲਾ 26 ਤੱਕ ਟਲਿਆ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਂਸਦ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਛੇ ਮਹਿਲਾ ਭਲਵਾਨਾਂ ਵੱਲੋਂ ਦਾਇਰ ਕੀਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਉਸ ਖਿਲਾਫ ਦੋਸ਼ ਆਇਦ ਕਰਨ ਬਾਰੇ ਇੱਥੋਂ ਦੀ ਅਦਾਲਤ ਹੁਣ 26 ਅਪਰੈਲ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ। ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਪਿ੍ਰਯੰਕਾ ਰਾਜਪੂਤ ਨੇ ਵੀਰਵਾਰ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਅਦਾਲਤ ਨੇ ਵੀਰਵਾਰ ਫੈਸਲਾ ਸੁਣਾਉਣਾ ਸੀ। ਮੁਲਜ਼ਮ ਨੇ ਦੋਸ਼ਾਂ ਦਾ ਜਵਾਬ ਦੇਣ ਅਤੇ ਹੋਰ ਜਾਂਚ ਲਈ ਸਮਾਂ ਮੰਗਦੇ ਹੋਏ ਕਿਹਾ ਕਿ ਉਹ ਘਟਨਾ ਦੀ ਮਿਤੀ ਸਮੇਂ ਭਾਰਤ ’ਚ ਨਹੀਂ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦਿਨ ਉਸ ਦਾ ਡਬਲਿਊ ਐੱਫ ਆਈ ਦੇ ਦਫਤਰ ’ਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਭੂਸ਼ਣ ਨੇ ਅਦਾਲਤ ’ਚ ਅਰਜ਼ੀ ਦਾਇਰ ਕਰਕੇ ਕਿਹਾ ਕਿ ਉਹ 7 ਸਤੰਬਰ 2022 ਨੂੰ ਵਿਦੇਸ਼ ’ਚ ਸੀ।


