ਮਥੁਰਾ : ਮਥੁਰਾ ਤੋਂ ਭਾਜਪਾ ਉਮੀਦਵਾਰ ਵਜੋਂ ਤੀਜੀ ਵਾਰ ਲੋਕ ਸਭਾ ਚੋਣ ਲੜ ਰਹੀ ਅਦਾਕਾਰਾ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਉਹ ਆਪਣੇ-ਆਪ ਨੂੰ ਭਗਵਾਨ ਕਿ੍ਰਸ਼ਨ ਦੀ ਗੋਪੀ ਮੰਨਦੀ ਹੈ। ਉਸ ਨੇ ਪੱਤਰਕਾਰਾਂ ਨੂੰ ਕਿਹਾ-ਮੈਂ ਨਾਂਅ ਅਤੇ ਪ੍ਰਸਿੱਧੀ ਲਈ ਜਾਂ ਕਿਸੇ ਤਰ੍ਹਾਂ ਦਾ ਫਾਇਦਾ ਲੈਣ ਲਈ ਰਾਜਨੀਤੀ ’ਚ ਨਹੀਂ ਆਈ। ਮੈਂ ਕਿ੍ਰਸ਼ਨ ਦੀ ਗੋਪੀ ਹਾਂ, ਕਿਉਂਕਿ ਭਗਵਾਨ ਕਿ੍ਰਸ਼ਨ ਬਿ੍ਰਜਵਾਸੀਆਂ ਨੂੰ ਪਿਆਰ ਕਰਦੇ ਹਨ, ਇਸ ਲਈ ਮੈਂ ਸੋਚਿਆ ਕਿ ਜੇ ਮੈਂ ਉਨ੍ਹਾਂ ਦੀ ਇਮਾਨਦਾਰੀ ਨਾਲ ਸੇਵਾ ਕਰਾਂਗੀ ਤਾਂ ਹੀ ਭਗਵਾਨ ਮੈਨੂੰ ਆਪਣਾ ਆਸ਼ੀਰਵਾਦ ਦੇਣਗੇ।
ਕੇਰਲਾ ’ਚ ਬਰਡ ਫਲੂ
ਕੋਚੀ : ਕੇਰਲਾ ਦੇ ਅਲਾਪੁਝਾ ਦੇ ਐਡਥਵਾ ਗ੍ਰਾਮ ਪੰਚਾਇਤ ਦੇ ਵਾਰਡ-1 ਦੇ ਖੇਤਰ ਅਤੇ ਚੇਰੂਥਾਣਾ ਗ੍ਰਾਮ ਪੰਚਾਇਤ ਦੇ ਵਾਰਡ-3 ਦੇ ਖੇਤਰ ’ਚ ਪਾਲਤੂ ਬੱਤਖਾਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਪ੍ਰਭਾਵਤ ਇਲਾਕੇ ਦੇ ਇੱਕ ਕਿਲੋਮੀਟਰ ਦੇ ਦਾਇਰੇ ’ਚ ਘਰੇਲੂ ਪੰਛੀਆਂ ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਈਰਾਨ ਵੱਲੋਂ ਜ਼ਬਤ ਜਹਾਜ਼ ਦੀ ਮੈਂਬਰ ਭਾਰਤ ਪਰਤੀ
ਨਵੀਂ ਦਿੱਲੀ : ਈਰਾਨ ਵੱਲੋਂ 13 ਅਪਰੈਲ ਨੂੰ ਜ਼ਬਤ ਕੀਤੇ ਗਏ ਕੰਟੇਨਰ ਜਹਾਜ਼ ’ਤੇ ਚਾਲਕ ਦਲ ਦੀ ਮੈਂਬਰ ਭਾਰਤੀ ਮਹਿਲਾ ਦੇਸ਼ ਪਰਤ ਆਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਹਿਰਾਨ ’ਚ ਉਸ ਦਾ ਮਿਸ਼ਨ 16 ਹੋਰ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੇ ਸੰਪਰਕ ’ਚ ਹੈ, ਜੋ ਹਾਲੇ ਵੀ ਜਹਾਜ਼ ’ਤੇ ਸਵਾਰ ਹਨ।
ਛੱਤ ਡਿਗਣ ਨਾਲ ਮਜ਼ਦੂਰ ਦੱਬੇ ਗਏ
ਰੂਪਨਗਰ : ਵੀਰਵਾਰ ਪ੍ਰੀਤ ਕਲੋਨੀ ’ਚ ਜੈੱਕਾਂ ਦੀ ਮਦਦ ਨਾਲ ਪੁਰਾਣੇ ਮਕਾਨ ਦਾ ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਮਜ਼ਦੂਰ ਮਲਬੇ ਹੇਠ ਦੱਬ ਗਏ। ਹਰਿਆਣਾ ਦੇ ਠੇਕੇਦਾਰ ਵੱਲੋਂ ਲੈਂਟਰ ਨੂੰ ਉੱਚਾ ਚੁੱਕਣ ਦਾ ਕੰਮ ਆਖਰੀ ਪੜਾਅ ’ਤੇ ਸੀ ਕਿ ਅਚਾਨਕ ਛੱਤ ਡਿੱਗ ਗਈ। ਮਜ਼ਦੂਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ।


