ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ ਵੀ ਪੀ ਏ ਟੀ) ਨਾਲ ਈ ਵੀ ਐੱਮ ਰਾਹੀਂ ਪਾਈਆਂ ਵੋਟਾਂ ਦਾ ਪੂਰਾ ਮਿਲਾਨ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਵੀਰਵਾਰ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਪਟੀਸ਼ਨਾਂ ’ਤੇ ਚੋਣ ਕਮਿਸ਼ਨ ਦਾ ਜਵਾਬ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ। ਪਟੀਸ਼ਨਰਾਂ ਨੇ ਹੋਰਨਾਂ ਮੰਗਾਂ ਤੋਂ ਇਲਾਵਾ ਵੀ ਵੀ ਪੀ ਏ ਟੀ ਮਸ਼ੀਨਾਂ ਦੇ ਸ਼ੀਸ਼ੇ ਨੂੰ ਪਾਰਦਰਸ਼ੀ ਬਣਾਉਣ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਕੇਰਲਾ ਦੇ ਕਾਸਰਗੋਡ ’ਚ ਹੋਏ ਮੌਕ ਪੋਲ ਦੌਰਾਨ ਈ ਵੀ ਐੱਮ ਵਿਚ ਪਈਆਂ ਵੋਟਾਂ ਅਤੇ ਵੀ ਵੀ ਪੀ ਏ ਟੀ ਸਲਿੱਪਾਂ ਦੀ ਗਿਣਤੀ ’ਚ ਅੰਤਰ ਸੀ। ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨਿਤੀਸ਼ ਕੁਮਾਰ ਵਿਆਸ ਨੇ ਬੈਂਚ ਨੂੰ ਕਿਹਾਇਹ ਰਿਪੋਰਟਾਂ ਝੂਠੀਆਂ ਹਨ। ਅਸੀਂ ਡੀ ਸੀ ਤੋਂ ਦੋਸ਼ਾਂ ਦੀ ਜਾਂਚ ਕਰਵਾਈ ਤੇ ਇਹ ਸਾਹਮਣੇ ਆਇਆ ਕਿ ਇਹ ਝੂਠੇ ਦੋਸ਼ ਸਨ। ਅਸੀਂ ਅਦਾਲਤ ਨੂੰ ਵਿਸਤਿ੍ਰਤ ਰਿਪੋਰਟ ਸੌਂਪਾਂਗੇ।
ਇਸੇ ਦੌਰਾਨ ਸੀ ਪੀ ਆਈ (ਐੱਮ) ਦੀ ਅਗਵਾਈ ਵਾਲੇ ਖੱਬੇ ਜਮਹੂਰੀ ਮੁਹਾਜ਼ ਨੇ ਵੀਰਵਾਰ ਕਿਹਾ ਕਿ ਕਾਸਰਗੋਡ ਲੋਕ ਸਭਾ ਹਲਕੇ ’ਚ ਕਰਵਾਏ ਮੌਕ ਮਤਦਾਨ ਦੌਰਾਨ ਭਾਜਪਾ ਉਮੀਦਵਾਰ ਦੇ ਪੱਖ ’ਚ ਗਲਤ ਤਰੀਕੇ ਨਾਲ ਵੋਟਾਂ ਦਰਜ ਕਰਨ ਵਾਲੀਆਂ ਕੁਝ ਵੋਟਿੰਗ ਮਸ਼ੀਨਾਂ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ।


