ਲਾਹੌਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਪੁੱਤਰ ਹਮਜ਼ਾ ਸ਼ਰੀਫ ਨੇ ਸ਼ਨੀਵਾਰ ਨੂੰ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਇੱਕ ਦਿਨ ਪਹਿਲਾਂ ਨਾਟਕੀ ਘਟਨਾਕ੍ਰਮ ਦੌਰਾਨ ਉਹ ਸਿਰਫ ਤਿੰਨ ਵੋਟਾਂ ਦੇ ਫਰਕ ਨਾਲ ਇਸ ਅਹੁਦੇ ਲਈ ਦੁਬਾਰਾ ਚੁਣੇ ਗਿਆ | ਉਪ ਪ੍ਰਧਾਨ ਨੇ ਵਿਰੋਧੀ ਉਮੀਦਵਾਰ ਦੀਆਂ 10 ਅਹਿਮ ਵੋਟਾਂ ਰੱਦ ਕਰ ਦਿੱਤੀਆਂ ਸਨ | ਹਮਜ਼ਾ (47) ਨੂੰ ਪੰਜਾਬ ਦੇ ਰਾਜਪਾਲ ਬਲੀਗੁਰ ਰਹਿਮਾਨ ਨੇ ਸਹੁੰ ਚੁਕਾਈ | ਸਹੁੰ ਚੁੱਕ ਸਮਾਗਮ ਪੰਜਾਬ ਦੇ ਗਵਰਨਰ ਹਾਊਸ ‘ਚ ਹੋਇਆ | ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਪੰਜਾਬ ਵਿਧਾਨ ਸਭਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਵੋਟਿੰਗ ਕੀਤੀ | ਚੋਣਾਂ ‘ਚ ਹਮਜ਼ਾ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ | ਹਾਲਾਂਕਿ ਉਨ੍ਹਾ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐਨ) ਪਾਰਟੀ ਕੋਲ 17 ਜੁਲਾਈ ਨੂੰ ਹੋਈਆਂ ਅਹਿਮ ਉਪ ਚੋਣਾਂ ਤੋਂ ਬਾਅਦ ਵਿਧਾਨ ਸਭਾ ‘ਚ ਬਹੁਮਤ ਨਹੀਂ ਹੈ | ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਸਲਾਮਾਬਾਦ, ਕਰਾਚੀ, ਮੁਲਤਾਨ, ਲਾਹੌਰ, ਪੇਸ਼ਾਵਰ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਸਮਰਥਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਹੋਏ | ਪੀ ਐੱਮ ਐੱਲ-ਐੱਨ ਦੇ ਹਮਜ਼ਾ ਸ਼ਾਹਬਾਜ਼ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਡਿਪਟੀ ਸਪੀਕਰ ਦੇ ਫੈਸਲੇ ਦਾ ਵਿਰੋਧ ਕੀਤਾ | ਪੰਜਾਬ ਵਿਧਾਨ ਸਭਾ ਦੀ ਮੁੜ ਚੋਣ ਹੋਵੇਗੀ | ਵਿਧਾਨ ਸਭਾ ਦੇ ਡਿਪਟੀ ਸਪੀਕਰ ਦੋਸਤ ਮੁਹੰਮਦ ਮਾਜਰੀ ਵੱਲੋਂ ਸੰਵਿਧਾਨ ਦੀ ਧਾਰਾ 63-ਏ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਕਿਊ (ਪੀ ਐੱਮ ਐੱਲ-ਕਿਊ) ਦੇ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਦੀਆਂ 10 ਵੋਟ ਰੱਦ ਕਰ ਦਿੱਤੀਆਂ, ਜਿਸ ਤੋਂ ਬਾਅਦ ਹਮਜ਼ਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਬਜ਼ ਹੋ ਗਏ | ਪੀ ਐੱਮ ਐੱਲ-ਕਿਊ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੀ ਸਹਿਯੋਗੀ ਹੈ | ਪੰਜਾਬ ਦੀ 368 ਮੈਂਬਰੀ ਵਿਧਾਨ ਸਭਾ ‘ਚ ਹਮਜ਼ਾ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐਨ) ਨੂੰ 179 ਵੋਟਾਂ ਮਿਲੀਆਂ, ਜਦੋਂਕਿ ਇਲਾਹੀ ਦੀ ਪਾਰਟੀ ਨੂੰ 176 ਵੋਟਾਂ ਮਿਲੀਆਂ | ਇਲਾਹੀ ਦੀ ਪੀ ਐੱਮ ਐੱਲ-ਕਿਊ ਦੀਆਂ 10 ਵੋਟਾਂ ਇਸ ਆਧਾਰ ‘ਤੇ ਨਹੀਂ ਗਿਣੀਆਂ ਗਈਆਂ ਕਿ ਉਸ ਨੇ ਆਪਣੀ ਪਾਰਟੀ ਦੇ ਮੁਖੀ ਚੌਧਰੀ ਸੁਜਾਤ ਹੁਸੈਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ | ਮਜਾਰੀ ਨੇ ਕਿਹਾ ਕਿ ਪਾਰਟੀ ਮੁਖੀ ਹੁਸੈਨ ਨੇ ਪੀ ਐੱਮ ਐੱਲ-ਕਿਊ ਦੇ ਮੈਂਬਰਾਂ ਨੂੰ ਇਲਾਹੀ ਦੀ ਬਜਾਏ ਹਮਜ਼ਾ ਨੂੰ ਵੋਟ ਦੇਣ ਲਈ ਕਿਹਾ ਸੀ | ਮਜਾਰੀ ਨੇ ਕਿਹਾ, ‘ਮੈਂ ਪੀ ਐੱਮ ਐੱਲ-ਕਿਊ ਦੀਆਂ 10 ਵੋਟਾਂ ਨੂੰ ਰੱਦ ਕਰਨ ਦਾ ਫੈਸਲਾ ਇਸ ਲਈ ਦਿੱਤਾ, ਕਿਉਂਕਿ ਇਸ ਦੇ ਮੁਖੀ ਚੌਧਰੀ ਸੁਜਾਤ ਹੁਸੈਨ ਨੇ ਮੈਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾ ਦੀ ਪਾਰਟੀ ਦੇ ਵਿਧਾਇਕਾਂ ਨੂੰ ਪੀ ਐੱਮ ਐੱਲ-ਕਿਊ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੀ | ਮੈਂ ਸੁਜਾਤ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾ ਪੁਸ਼ਟੀ ਕੀਤੀ ਕਿ ਉਨ੍ਹਾ ਦੇ ਪੱਤਰ ‘ਚ ਇਸ ਦਾ ਜ਼ਿਕਰ ਸੀ | ਹਾਲਾਂਕਿ ਪੀ ਟੀ ਆਈ-ਪੀ ਐੱਮ ਐੱਲ ਕਿਊ ਵਿਧਾਇਕਾਂ ਨੇ ਡਿਪਟੀ ਸਪੀਕਰ ਦੇ ਫੈਸਲੇ ਦਾ ਵਿਰੋਧ ਕੀਤਾ | ਇਹ ਦੂਜੀ ਵਾਰ ਹੈ ਜਦੋਂ ਹਮਜਾ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਇਲਾਹੀ ਨੂੰ ਹਰਾਇਆ ਹੈ | ਪਿਛਲੀ ਵਾਰ ਉਹ 16 ਅਪ੍ਰੈਲ ਨੂੰ ਜਿੱਤੇ ਸਨ, ਪਰ ਉਨ੍ਹਾ ਨੂੰ ਸਹੁੰ ਚੁਕਾਉਣ ਵਿਚ ਕਈ ਦਿਨਾਂ ਦੀ ਦੇਰੀ ਹੋਈ, ਕਿਉਂਕਿ ਤਤਕਾਲੀ ਗਵਰਨਰ ਉਮਰ ਸਰਫਰਾਜ ਚੀਮਾ ਨੇ ਉਨ੍ਹਾ ਨੂੰ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ |





