ਕੋਲਕਾਤਾ : ਪੱਛਮੀ ਬੰਗਾਲ ਦੇ ਕਥਿਤ ਅਧਿਆਪਕ ਭਰਤੀ ਘੁਟਾਲੇ ‘ਚ ਮਮਤਾ ਬੈਨਰਜੀ ਸਰਕਾਰ ‘ਚ ਮੰਤਰੀ ਪਾਰਥ ਚੈਟਰਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸ਼ਨੀਵਾਰ ਗਿ੍ਫਤਾਰ ਕਰ ਲਿਆ | ਇਹ ਘਪਲਾ ਜਦੋਂ ਹੋਇਆ ਸੀ, ਉਦੋਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ | ਕਰੀਬ 24 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈ ਡੀ ਨੇ ਇਹ ਕਾਰਵਾਈ ਕੀਤੀ | ਪਾਰਥ ਤੋਂ ਇਲਾਵਾ ਉਨ੍ਹਾ ਦੀ ਕਰੀਬੀ ਅਰਪਿਤਾ ਮੁਖਰਜੀ ਨੂੰ ਵੀ ਗਿ੍ਫ਼ਤਾਰ ਕਰ ਲਿਆ | ਅਰਪਿਤਾ ਦੇ ਘਰ ‘ਚੋਂ ਈ ਡੀ ਨੇ ਸ਼ੁੱਕਰਵਾਰ 20 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਸੀ | ਇਸ ਦੇ ਨਾਲ ਹੀ ਅਰਪਿਤਾ ਦੇ ਘਰੋਂ ਈ ਡੀ ਨੇ 20 ਤੋਂ ਜ਼ਿਆਦਾ ਮੋਬਾਇਲ ਫੋਨ ਬਰਾਮਦ ਕੀਤੇ ਸਨ |
ਪਾਰਥ ਦੇ ਘਰ ਦੇ ਬਾਹਰ ਸੀ ਆਰ ਪੀ ਐੱਫ਼ ਨੂੰ ਤਾਇਨਾਤ ਕੀਤਾ ਗਿਆ ਹੈ | ਪੱਛਮ ਬੰਗਾਲ ਦੇ ਮੰਤਰੀ ਪਾਰਥ ਚਟਰਜੀ ਤੋਂ ਪੁੱਛਗਿੱਛ ਕੀਤੀ ਗਈ ਸੀ | ਇਹ ਪਤਾ ਚੱਲਿਆ ਕਿ ਪਾਰਥ ਚਟਰਜੀ ਨੇ ਜਾਂਚ ਦੌਰਾਨ ਪੁੱਛਗਿੱਛ ‘ਚ ਸਹਿਯੋਗ ਨਹੀਂ ਕੀਤਾ, ਜਿਸ ਤੋਂ ਬਾਅਦ ਉਨ੍ਹਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪਾਰਥ ਚਟਰਜੀ ਨੂੰ ਦੋ ਦਿਨ ਲਈ ਈ ਡੀ ਦੀ ਹਿਰਾਸਤ ‘ਚ ਭੇਜਿਆ ਗਿਆ ਹੈ |
ਪੱਛਮੀ ਬੰਗਾਲ ‘ਚ 2014 ਅਤੇ 2016 ‘ਚ ਅਧਿਆਪਕਾਂ ਦੀ ਭਰਤੀ ਹੋਈ ਸੀ | ਨਿਯੁਕਤੀ ‘ਚ ਘੁਟਾਲੇ ਦੇ ਦੋਸ਼ ਲਾਉਂਦੇ ਹੋਏ ਦੋ ਉਮੀਦਵਾਰਾਂ ਨੇ ਹਾਈ ਕੋਰਟ ‘ਚ ਪਟੀਸ਼ਨ ਲਾਈ ਸੀ | ਹਾਈ ਕੋਰਟ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਆਦੇਸ਼ ਦਿੱਤੇ ਸਨ | ਕੋਰਟ ਨੇ ਇਸ ‘ਚ ਮਨੀ ਲਾਂਡਰਿੰਗ ਦਾ ਖਦਸਾ ਪ੍ਰਗਟਾਉਂਦੇ ਹੋਏ ਸੀ ਬੀ ਆਈ ਜਾਂਚ ਦੇ ਆਦੇਸ਼ ਦਿੱਤੇ ਸਨ | ਸੀ ਬੀ ਆਈ ਨੇ ਚੈਟਰਜੀ ਤੋਂ 25 ਅਪ੍ਰੈਲ ਅਤੇ 18 ਮਈ ਨੂੰ ਪੁੱਛਗਿੱਛ ਕੀਤੀ ਸੀ, ਕਿਉਂਕਿ ਉਹ 2014 ਤੋਂ ਲੈ ਕੇ 2021 ਤੱਕ ਸੂਬੇ ਦੇ ਸਿੱਖਿਆ ਮੰਤਰੀ ਸਨ | ਪੁੱਛਗਿੱਛ ਤੋਂ ਬਾਅਦ ਸੀ ਬੀ ਆਈ ਨੇ ਇਸ ਮਾਮਲੇ ‘ਚ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਰਜ ਕਰਾਈ | ਜਾਂਚ ਏਜੰਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਈ ਡੀ ਦੇ ਹੱਥ ਚਲਾ ਗਿਆ | ਸ਼ੁੱਕਰਵਾਰ ਨੂੰ ਈ ਡੀ ਦੀਆਂ ਕਈ ਟੀਮਾਂ ਨੇ ਇੱਕੋ ਸਾਥ ਪਾਰਥ ਸਮੇਤ ਉਨ੍ਹਾ ਦੇ ਕਰੀਬੀਆਂ ‘ਤੇ ਛਾਪੇਮਾਰੀ ਕੀਤੀ | ਛਾਪੇਮਾਰੀ ਦੌਰਾਨ ਅਰਪਿਤਾ ਦੇ ਘਰ ਤੋਂ ਈ ਡੀ ਨੂੰ 20 ਕਰੋੜ ਕੈਸ਼ ਮਿਲਿਆ | ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਵਰਤਮਾਨ ਉਦਯੋਗ ਅਤੇ ਵਣਜ ਮੰਤਰੀ ਹਨ | ਕਥਿਤ ਘੁਟਾਲੇ ਤੋਂ ਬਾਅਦ ਉਨ੍ਹਾ ਤੋਂ ਸਿੱਖਿਆ ਵਿਭਾਗ ਵਾਪਸ ਲੈ ਲਿਆ ਗਿਆ ਸੀ | ਜ਼ਿਕਰਯੋਗ ਹੈ ਕਿ ਚੈਟਰਜੀ ਤੋਂ ਇਲਾਵਾ ਈ ਡੀ ਨੇ ਸਿੱਖਿਆ ਰਾਜ ਮੰਤਰੀ ਪਰੇਸ਼ ਸੀ ਅਧਿਕਾਰੀ, ਵਿਧਾਇਕ ਮਾਣਿਕ ਭੱਟਾਚਾਰੀਆ ਅਤੇ ਹੋਰਨਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਹੈ | ਈ ਡੀ ਦੀ ਇਸ ਕਾਰਵਾਈ ‘ਤੇ ਟੀ ਐੱਮ ਸੀ ਨੇ ਇਸ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਇੱਕ ਚਾਲ ਕਿਹਾ ਹੈ | ਪਾਰਟੀ ਨੇ ਇਸ ਮਾਮਲੇ ‘ਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ | ਪਾਰਟੀ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ ਕਿ ਉਨ੍ਹਾ ਦੇ ਵਕੀਲ ਇਸ ਮਾਮਲੇ ਨੂੰ ਦੇਖਣਗੇ |





