ਜੈਪੁਰ : 19 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਰਾਜਸਥਾਨ ਦੀਆਂ 12 ਸੀਟਾਂ ਲਈ ਵੀ ਪੋਲਿੰਗ ਹੋਈ। ਰਾਜਸਥਾਨ ਦੀ ਨਾਮੀ ਹਿੰਦੀ ਅਖਬਾਰ ‘ਰਾਜਸਥਾਨ ਪਤਿ੍ਰਕਾ’ ਮੁਤਾਬਕ ਪੋਲਿੰਗ ਘੱਟ ਹੋਣ ਨੇ ਦਿਲਸਚਪ ਸਥਿਤੀ ਪੈਦਾ ਕਰ ਦਿੱਤੀ ਹੈ। ਘੱਟ ਪੋਲਿੰਗ ਨਾਲ ਕਾਂਗਰਸ ਅੱਧੀਆਂ ਸੀਟਾਂ ਜਿੱਤਣ ਪ੍ਰਤੀ ਆਸਵੰਦ ਹੈ, ਜਦਕਿ ਭਾਜਪਾ ਆਗੂ ਚਾਰ-ਪੰਜ ਸੀਟਾਂ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ। ਭਾਜਪਾ ਦੇ ਸੂਤਰਾਂ ਮੁਤਾਬਕ ਪਾਰਟੀ ਦੇ ਕਾਰਕੁਨਾਂ ਤੇ ਪ੍ਰਮੁੱਖ ਅਹੁਦੇਦਾਰਾਂ ਵਿਚਾਲੇ ਤਾਲਮੇਲ ਨਾ ਹੋਣ ਕਾਰਨ ਪਾਰਟੀ ਵੋਟਰਾਂ ਨੂੰ ਘਰਾਂ ਵਿੱਚੋਂ ਕੱਢ ਕੇ ਬੂਥਾਂ ਤੱਕ ਲਿਆਉਣ ਵਿਚ ਕਾਮਯਾਬ ਨਹੀਂ ਹੋਈ। ਇਕ ਭਾਜਪਾ ਆਗੂ ਮੁਤਾਬਕ ਝੁਨਝੁਨੂ, ਦੌਸਾ, ਸੀਕਰ ਤੇ ਭਰਤਪੁਰ ਹਲਕੇ ਵਿਚ ਪਾਰਟੀ ਉਮੀਦਵਾਰ ਫਸਵੀਂ ਟੱਕਰ ਵਿਚ ਫਸ ਗਏ ਹਨ। ਇਹ ਸੀਟਾਂ ਪਾਰਟੀ ਨੇ ਸਭ ਤੋਂ ਕਮਜ਼ੋਰ ਮੰਨੀਆਂ ਹਨ। ਝੁਨਝੁਨੂ ਵਿਚ ਤਾਂ ਕਈ ਅਸੰਬਲੀ ਸੀਟਾਂ ’ਤੇ ਪੋਲਿੰਗ ਵਿਚ ਭਾਰੀ ਗਿਰਾਵਟ ਆਈ ਹੈ। ਭਰਤਪੁਰ ਵਿਚ ਮੇਵ ਖੇਤਰ ਵਿਚ ਸ਼ਾਮਲ ਕਾਮਾਂ ਵਿਚ ਵਧੀ ਵੋਟਿੰਗ ਨੇ ਭਾਜਪਾ ਦੀ ਸਿਰਦਰਦੀ ਵਧਾਈ ਹੈ। ਪਾਰਟੀ ਨਾਗੌਰ, ਚੁਰੂ, ਕਰੌਲੀ-ਧੌਲਪੁਰ ਤੇ ਸ੍ਰੀਗੰਗਾਨਗਰ ਵਿਚ ਵੀ ਟੱਕਰ ਮੰਨ ਕੇ ਚੱਲ ਰਹੀ ਹੈ। ਕਾਂਗਰਸ ਦੇ ਰਣਨੀਤੀਕਾਰ ਦੌਸਾ, ਝੁਨਝੁਨੂ, ਚੁਰੂ, ਸੀਕਰ, ਭਰਤਪੁਰ ਤੇ ਸ੍ਰੀਗੰਗਾਨਗਰ ਵਿਚ ਚੰਗੀ ਸਥਿਤੀ ਵਿਚ ਹੋਣ ਦਾ ਦਾਅਵਾ ਕਰ ਰਹੇ ਹਨ। ਨਾਗੌਰ, ਕਰੌਲੀ-ਧੌਲਪੁਰ ਤੇ ਅਲਵਰ ਵਿਚ ਕਾਂਟੇ ਦੀ ਟੱਕਰ ਦੱਸ ਰਹੇ ਹਨ। ਕਾਂਗਰਸੀ ਘੱਟ ਪੋਲਿੰਗ ਨੂੰ ਆਪਣੇ ਹੱਕ ਵਿਚ ਦੇਖ ਰਹੇ ਹਨ। ਭਰਤਪੁਰ ਦੇ ਮੇਵਾਤ ਵਿਚ ਬੰਪਰ ਵੋਟਿੰਗ ਨੂੰ ਕਾਂਗਰਸ ਆਪਣੇ ਹੱਕ ਵਿਚ ਮੰਨ ਕੇ ਚੱਲ ਰਹੀ ਹੈ।



