ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ ਸੁੱਬਾ ਰਾਓ ਨੇ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਦਿੱਤੇ ਜਾਣ ਵਾਲੇ ਮੁਫਤ ਤੋਹਫਿਆਂ ’ਤੇ ਸਰਕਾਰ ਵ੍ਹਾਈਟ ਪੇਪਰ ਲਿਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਇਨ੍ਹਾਂ ਮੁਫਤ ਦੇ ਤੋਹਫਿਆਂ ਦੇ ਨਫੇ-ਨੁਕਸਾਨ ਬਾਰੇ ਜਾਗਰੂਕ ਕਰੇ। ਉਨ੍ਹਾ ਕਿਹਾ ਕਿ ਮੁਫਤ ਦੇ ਤੋਹਫਿਆਂ, ਜਿਨ੍ਹਾਂ ਨੂੰ ਬੋਲਚਾਲ ਦੀ ਭਾਸ਼ਾ ਵਿਚ ‘ਰਿਓੜੀਆਂ’ ਕਿਹਾ ਜਾਂਦਾ ਹੈ, ਬਾਰੇ ਵਿਆਪਕ ਬਹਿਸ ਦੀ ਲੋੜ ਹੈ ਕਿ ਕਿਵੇਂ ਸਿਆਸੀ ਪਾਰਟੀਆਂ ਨੂੰ ਇਸ ਤੋਂ ਰੋਕਿਆ ਜਾਵੇ। ਭਾਰਤ ਵਰਗੇ ਗਰੀਬ ਦੇਸ਼ ਵਿਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਦੇ ਸਭ ਤੋਂ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਕੁਝ ਮੁਫਤ ਸਹੂਲਤਾਂ ਦੇਵੇ। ਨਾਲ ਹੀ ਇਹ ਵੀ ਦੇਖੇ ਕਿ ਇਨ੍ਹਾਂ ਸਹੂਲਤਾਂ ਦੀ ਲੋੜ ਕਦੋਂ ਤੱਕ ਹੈ।




