ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ। ਉਨ੍ਹਾ ਕਿਹਾਪ੍ਰਧਾਨ ਮੰਤਰੀ ਸਾਡੇ ਚੋਣ ਮੈਨੀਫੈਸਟੋ ਨੂੰ ਸਹੀ ਤਰ੍ਹਾਂ ਸਮਝ ਨਹੀਂ ਸਕੇ। ਮਿਲ ਕੇ ਉਨ੍ਹਾ ਨੂੰ ਮੈਨੀਫੈਸਟੋ ਸਮਝਾਉਣਾ ਹੈ। ਦਰਅਸਲ ਮੋਦੀ ਤੇ ਹੋਰ ਭਾਜਪਾ ਆਗੂ ਕਾਂਗਰਸ ਦੇ ਮੈਨੀਫੈਸਟੋ ਨੂੰ ਮੁਸਲਿਮ ਲੀਗ ਦਾ ਮੈਨੀਫੈਸਟੋ ਦੱਸ ਰਹੇ ਹਨ। ਉਹ ਕਹਿ ਰਹੇ ਹਨ ਕਿ ਕਾਂਗਰਸ ਲੋਕਾਂ ਦੀ ਕਮਾਈ ਖੋਹ ਕੇ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ਦੇਣਾ ਚਾਹੁੰਦੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਮੈਨੀਫੈਸਟੋ ਦੀਆਂ ਕਾਪੀਆਂ ਪਾਰਟੀ ਆਗੂਆਂ ਤੇ ਲੋਕ ਸਭਾ ਉਮੀਦਵਾਰਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਘੱਲੀਆਂ ਜਾਣਗੀਆਂ। ਉਨ੍ਹਾ ਕਿਹਾ ਕਿ ਮੋਦੀ ਫਿਰਕੂ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਚੋਣ ਕਮਿਸ਼ਨ ਨੇ ਉਨ੍ਹਾ ਨੂੰ ਝੂਠ ਬੋਲਣ ਦੀ ਆਗਿਆ ਦਿੱਤੀ ਹੋਈ ਹੈ। ਜਦ ਚੋਣ ਕਮਿਸ਼ਨ ਹਰ ਗੱਲ ’ਚ ਦਖਲ ਦਿੰਦਾ ਹੈ ਤਾਂ ਇਸ ਮੁੱਦੇ ’ਤੇ ਖਾਮੋਸ਼ ਕਿਉ ਹੈ। ਕਮਿਸ਼ਨ ਨੂੰ ਅਜ਼ਾਦਾਨਾ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ।
ਇਸੇ ਦੌਰਾਨ ਅਭਿਸ਼ੇਕ ਮਨੂੰ ਸਿੰਘਵੀ ਦੀ ਅਗਵਾਈ ਵਿਚ ਕਾਂਗਰਸੀ ਵਫਦ ਨੇ ਚੋਣ ਕਮਿਸ਼ਨ ਨੂੰ ਮੋਦੀ ਖਿਲਾਫ ਸ਼ਿਕਾਇਤ ਦਿੱਤੀ ਹੈ। ਸਿੰਘਵੀ ਨੇ ਕਿਹਾਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਤਿਕਾਰ ਕਰਦੇ ਹਾਂ, ਪਰ ਉਹ ਜਿੰਨੇ ਉੱਚੇ ਅਹੁਦੇ ’ਤੇ ਹਨ, ਓਨੇ ਹੀ ਸੰਜਮ ਦੀ ਉਨ੍ਹਾ ਤੋਂ ਆਸ ਕੀਤੀ ਜਾਂਦੀ ਹੈ। ਬਦਕਿਸਮਤੀ ਨਾਲ ਉਨ੍ਹਾ ਇੰਤਹਾਈ ਇਤਰਾਜ਼ਯੋਗ ਗੱਲਾਂ ਕੀਤੀਆਂ ਹਨ। ਪ੍ਰਧਾਨ ਮੰਤਰੀ ਤੋਂ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਆਪਣੀਆਂ ਟਿੱਪਣੀਆਂ ਵਾਪਸ ਲੈ ਲੈਣ। ਪ੍ਰਧਾਨ ਮੰਤਰੀ ਬਿਨਾਂ ਕਿਸੇ ਰੋਕ-ਟੋਕ ਦੇ ਚੋਣ ਪ੍ਰਚਾਰ ਦੌਰਾਨ ਧਾਰਮਕ ਜਜ਼ਬਾਤ ਭੜਕਾ ਰਹੇ ਹਨ। ਸਿੰਘਵੀ ਨੇ ਕਿਹਾ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਤੇ ਭਾਜਪਾ ਆਗੂਆਂ ਖਿਲਾਫ ਕਈ ਸ਼ਿਕਾਇਤਾਂ ਕੀਤੀਆਂ ਹਨ, ਪਰ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਕੀ ਚੋਣ ਕਮਿਸ਼ਨ ਕਿਸੇ ਹੋਰ ਉਮੀਦਵਾਰ ਨੂੰ ਐਨੀ ਹੈਂਕੜ ਨਾਲ ਵਾਰ-ਵਾਰ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਆਗਿਆ ਦੇਵੇਗਾ? ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਵਿਚ ਚੋਣ ਰੈਲੀ ਵਿਚ ਦੋਸ਼ ਲਾਇਆ ਸੀ ਕਿ ਕਾਂਗਰਸ ਲੋਕਾਂ ਦੀ ਮਿਹਨਤ ਦੀ ਕਮਾਈ ਘੁਸਪੈਠੀਆਂ ਨੂੰ ਦੇਣ ਦੀ ਯੋਜਨਾ ਬਣਾ ਰਹੀ ਹੈ। ਕਾਂਗਰਸ ਨੇ ਕਿਹਾ ਸੀ ਕਿ ਦੇਸ਼ ਦੀ ਸੰਪਤੀ ’ਤੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ। ਮਤਲਬ, ਇਹ ਸੰਪਤੀ ਇਕੱਠੀ ਕਰਕੇ ਕਿਸਨੂੰ ਵੰਡਣਗੇ? ਜਿਨ੍ਹਾਂ ਦੇ ਜ਼ਿਆਦਾ ਬੱਚੇ ਹੋਣਗੇ, ਉਨ੍ਹਾਂ ਨੂੰ ਵੰਡਣਗੇ। ਘੁਸਪੈਠੀਆਂ ਨੂੰ ਵੰਡਣਗੇ। ਇਹ ਕਾਂਗਰਸ ਦਾ ਮੈਨੀਫੈਸਟੋ ਕਹਿ ਰਿਹਾ ਹੈ…ਮਾਵਾਂ-ਭੈਣਾਂ ਦੇ ਸੋਨੇ ਦਾ ਹਿਸਾਬ ਕਰਨਗੇ। ਜਾਣਕਾਰੀ ਲੈਣਗੇ ਤੇ ਫਿਰ ਸੰਪਤੀ ਨੂੰ ਵੰਡ ਦੇਣਗੇ।
ਉਨ੍ਹਾਂ ਨੂੰ ਵੰਡਣਗੇ ਜਿਨ੍ਹਾਂ ਬਾਰੇ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਕਿਹਾ ਸੀ ਕਿ ਸੰਪਤੀ ’ਤੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ। ਇਹ ਅਰਬਨ ਨਕਸਲ ਸੋਚ ਹੈ, ਮੇਰੀਆਂ ਮਾਵੋਂ, ਭੈਣੋ ਇਹ ਤੁਹਾਡਾ ਮੰਗਲਸੂਤਰ ਵੀ ਬਚਣ ਨਹੀਂ ਦੇਣਗੇ। ਮੋਦੀ ਨੇ ਸੋਮਵਾਰ ਅਲੀਗੜ੍ਹ ਵਿਚ ਵੀ ਇਹੀ ਬਿਆਨ ਦੁਹਰਾਇਆ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਇਸੇ ਤਰ੍ਹਾਂ ਦਾ ਚੋਣ ਪ੍ਰਚਾਰ ਕੀਤਾ।
ਕਾਂਗਰਸ ਨੇ ਮੋਦੀ ’ਤੇ ਝੂਠ ਬੋਲਣ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਉਸ ਦੇ ਮੈਨੀਫੈਸਟੋ ਵਿਚ ਕਿਤੇ ਵੀ ਅਜਿਹੀ ਗੱਲ ਨਹੀਂ ਕਹੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ’ਚ ਕਿਹਾ ਗਿਆ ਹੈ ਕਿ ਉਹ ਮਾਵਾਂ-ਭੈਣਾਂ ਨਾਲ ਸੋਨੇ ਦਾ ਹਿਸਾਬ ਕਰਨਗੇ ਅਤੇ ਫਿਰ ਵੰਡਣਗੇ, ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇ ਸੋਮਵਾਰ ਕਿਹਾ ਕਿ ਮੋਦੀ ਨੂੰ ਇਤਿਹਾਸ ’ਚ ਅਜਿਹੇ ਪ੍ਰਧਾਨ ਮੰਤਰੀ ਵਜੋਂ ਯਾਦ ਕੀਤਾ ਜਾਵੇਗਾ, ਜਿਸ ਨੇ ਭਾਰਤੀ ਔਰਤਾਂ ਦੀ ਮਾਲਕੀ ਵਾਲੇ ਸੋਨੇ ਦੇ ਗਹਿਣਿਆਂ ਦੀ ਸਭ ਤੋਂ ਵੱਡੀ ਵਿਕਰੀ ਤੇ ਗਿਰਵੀ ਰੱਖਣ ਦੀ ਨਿਗਰਾਨੀ ਕੀਤੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਨੋਟਬੰਦੀ, ਮਾੜੇ ਢੰਗ ਨਾਲ ਤਿਆਰ ਕੀਤੇ ਜੀ ਐੱਸ ਟੀ, ਬਿਨਾਂ ਤਿਆਰੀ ਵਾਲੀ ਤਾਲਾਬੰਦੀ ਅਤੇ ਇੱਕ ਮਾੜੇ ਕੋਵਿਡ ਰਾਹਤ ਪੈਕੇਜ ਵਰਗੀਆਂ ਆਰਥਕ ਤਬਾਹੀਆਂ ਨੇ ਭਾਰਤੀ ਪਰਵਾਰਾਂ ਨੂੰ ਕਰਜ਼ੇ ਦੇ ਉੱਚੇ ਪੱਧਰ (ਜੀ ਡੀ ਪੀ ਦਾ 40 ਪ੍ਰਤੀਸ਼ਤ) ’ਚ ਫਸਾਇਆ ਹੈ। ਸ਼ੁੱਧ ਬਚਤ ਹਰ ਸਮੇਂ ਦੇ ਹੇਠਲੇ ਪੱਧਰ ’ਤੇ ਹੈ (ਜੀ ਡੀ ਪੀ ਦਾ ਪੰਜ ਪ੍ਰਤੀਸ਼ਤ)। ਪਰਵਾਰਾਂ ਨੂੰ ਆਪਣਾ ਸੋਨਾ ਵੇਚਣ ਜਾਂ ਗਿਰਵੀ ਰੱਖ ਕੇ ਕਰਜ਼ਾ ਲੈਣ ਲਈ ਮਜਬੂਰ ਕੀਤਾ ਗਿਆ।
ਇਕੱਲੇ ਮਹਾਂਮਾਰੀ ਦੇ ਦੌਰਾਨ ਮੋਦੀ ਸਰਕਾਰ ਦੀ ਅਯੋਗਤਾ, ਲਾਪਰਵਾਹੀ ਅਤੇ ਕੁਪ੍ਰਬੰਧਨ ਦੇ ਕਾਰਨ ਭਾਰਤ ਦੀਆਂ ਔਰਤਾਂ ਨੂੰ 60,000 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਜ਼ਮਾਨਤ ਵਜੋਂ ਛੱਡਣਾ ਪਿਆ ਸੀ। ਬੈਂਕਾਂ ਵੱਲੋਂ ਅਖਬਾਰਾਂ ’ਚ ਪੂਰੇ ਪੰਨੇ ਦੇ ਇਸ਼ਤਿਹਾਰ ਦੇ ਕੇ ਉਨ੍ਹਾਂ ਦਾ ਸੋਨਾ ਨਿਲਾਮ ਕੀਤਾ ਗਿਆ।


