ਇੰਦੌਰ : ਮੱਧ ਪ੍ਰਦੇਸ਼ ਦੀ ਇੰਦੌਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਕਸ਼ੈ ਕਾਂਤੀ ਬਮ ਨੇ ਸੋਮਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਕੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਰਾਜ ਦੇ ਕੈਬਨਿਟ ਮੰਤਰੀ ਕੈਲਾਸ਼ ਵਿਜੇਵਰਗੀਆ ਨੇ ਆਪਣੇ ਐਕਸ ਅਕਾਊਂਟ ’ਤੇ ਤਸਵੀਰ ਪੋਸਟ ਕੀਤੀ, ਜਿਸ ’ਚ ਬਮ ਉਨ੍ਹਾ ਨਾਲ ਕਾਰ ’ਚ ਬੈਠੇ ਹਨ। ਭਾਜਪਾ ਦੇ ਗੜ੍ਹ ਇੰਦੌਰ ’ਚ ਕਾਂਗਰਸ ਨੇ ਨਵੇਂ ਆਏ ਬਮ (45) ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਕਦੇ ਚੋਣ ਨਹੀਂ ਸੀ ਲੜੀ।
ਦਹਿਸ਼ਤਗਰਦਾਂ ਦੀ ਵਿਆਪਕ ਭਾਲ
ਊਧਮਪੁਰ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਦੇ ਸੰਘਣੇ ਜੰਗਲਾਂ ’ਚ ਦਹਿਸ਼ਤਗਰਦਾਂ ਦੇ ਦੋ ਗਰੁੱਪਾਂ ਨੂੰ ਨੱਪਣ ਲਈ ਵਿਆਪਕ ਤਲਾਸ਼ੀ ਮੁਹਿੰਮ ਸੋਮਵਾਰ ਦੂਜੇ ਦਿਨ ਵੀ ਜਾਰੀ ਰਹੀ। ਐਤਵਾਰ ਤੜਕੇ ਚੋਚਰੂ ਗਾਲਾ ਹਾਈਟਸ ਦੇ ਦੂਰ-ਦੁਰਾਡੇ ਪਿੰਡ ਪਨਾਰਾ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਪੇਂਡੂ ਰੱਖਿਆ ਗਾਰਡ ਮਾਰਿਆ ਗਿਆ ਸੀ।
ਪਤਨੀ ਕੇਜਰੀਵਾਲ ਨੂੰ ਮਿਲੀ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਕੈਬਨਿਟ ਮੰਤਰੀ ਆਤਿਸ਼ੀ ਨੇ ਸੋਮਵਾਰ ਤਿਹਾੜ ਜੇਲ੍ਹ ’ਚ ਉਨ੍ਹਾ ਨਾਲ ਮੁਲਾਕਾਤ ਕੀਤੀ। ਆਤਿਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਨੂੰ ਉਨ੍ਹਾ ਦੀ ਸਿਹਤ ਬਾਰੇ ਪੁੱਛਿਆ ਗਿਆ ਸੀ ਪਰ ਉਨ੍ਹਾ ਇਸ ਸੁਆਲ ਦੀ ਪ੍ਰਵਾਹ ਕੀਤੇ ਬਗੈਰ ਉਲਟਾ ਸਵਾਲ ਕੀਤਾ ਕਿ ਕੀ ਸਕੂਲੀ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਹਨ ਅਤੇ ਕੀ ਦਵਾਈਆਂ ਮੁਹੱਲਾ ਕਲੀਨਿਕਾਂ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।
ਕੀਨੀਆ ’ਚ ਡੈਮ ਟੁੱਟਿਆ
ਨੈਰੋਬੀ : ਦੱਖਣੀ ਕੀਨੀਆ ’ਚ ਡੈਮ ਟੁੱਟਣ ਕਾਰਨ 40 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾਂ ਲੋਕ ਲਾਪਤਾ ਹੋ ਗਏ ਹਨ। ਦੇਸ਼ ਹਫਤਿਆਂ ਤੋਂ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਬਚਾਅ ਟੀਮਾਂ ਕੀਨੀਆ ਦੇ ਨਾਕੁਰੂ ਕਾਉਂਟੀ ’ਚ ਮਾਈ ਮਾਹੀਉ ਦੇ ਨੇੜੇ ਬਚੇ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।