ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਪੋਲਿੰਗ ਤੋਂ ਬਾਅਦ ‘ਅਬ ਕੀ ਬਾਰ—ਚਾਰ ਸੌ ਪਾਰ’ ਦਾ ਨਾਅਰਾ ਛੱਡ ਕੇ ਹਿੰਦੂ-ਮੁਸਲਿਮ ਕਰਨ ਵਾਲੇ ਪ੍ਰਧਾਨ ਮੰਤਰੀ ਦੂਜੇ ਗੇੜ ਦੀ ਪੋਲਿੰਗ ਤੋਂ ਬਾਅਦ ਦੱਬੇ-ਕੁਚਲਿਆਂ ਦੇ ਭਲੇ ਲਈ ਚਲਾਈਆਂ ਸਕੀਮਾਂ ਦਾ ਗੁਣਗਾਨ ਕਰਨ ‘ਤੇ ਆ ਗਏ ਹਨ | ਮਹਾਰਾਸ਼ਟਰ ਦੇ ਕੋਲਾਪੁਰ ਵਿਚ ਸ਼ਨੀਵਾਰ ਜਦੋਂ ਭੀੜ ਨੇ ‘ਫਿਰ ਏਕ ਬਾਰ’ ਦੇ ਸੱਦੇ ‘ਤੇ ‘ਮੋਦੀ ਸਰਕਾਰ’ ਨਾਲ ਹੁੰਗਾਰਾ ਭਰਿਆ ਤਾਂ ਮੋਦੀ ਨੇ ਕਿਹਾ ਕਿ ਉਸ ਕੋਲ ਇਕ ਹੋਰ ਨਾਅਰਾ ਹੈ | ਕੀ ਤੁਸੀਂ ਹੁੰਗਾਰਾ ਭਰੋਗੇ? ਫਿਰ ਮੋਦੀ ਨੇ ਕਿਹਾ—ਪਹਿਲਾਂ ਮੈਂ ਕਹਿੰਦਾ ਸੀ ‘ਫਿਰ ਏਕ ਬਾਰ’ ਤੇ ਹੁਣ ਤੁਸੀਂ ਕਹਿਣਾ ‘ਫਿਰ ਏਕ ਬਾਰ’ | ਇਸ ਤੋਂ ਬਾਅਦ ਮੋਦੀ ਨੇ ਨਾਅਰਾ ਲਾਇਆ ‘ਗਰੀਬੋਂ ਕੀ ਸਰਕਾਰ’ ਤੇ ਇਕੱਠ ‘ਚੋਂ ਆਵਾਜ਼ ਆਈ ‘ਫਿਰ ਏਕ ਬਾਰ |’ ਮੋਦੀ ਨੇ ਫਿਰ ਉਕਸਾਇਆ ‘ਐੱਸ ਸੀ-ਐੱਸ ਟੀ-ਓ ਬੀ ਸੀ ਕੀ ਸਰਕਾਰ’, ਜਵਾਬ ਆਇਆ ‘ਫਿਰ ਏਕ ਬਾਰ’ | ਮੋਦੀ ਨੇ ਫਿਰ ‘ਵਿਕਾਸ ਕੋ ਸਮਰਪਿਤ ਸਰਕਾਰ’, ‘ਯੁਵਾਓਾ ਕੋ ਅਵਸਰ ਦੇਨੇ ਵਾਲੀ ਸਰਕਾਰ’, ‘ਮਹਿਲਾਓਾ ਕੋ ਸੁਵਿਧਾ ਦੇਨੇ ਵਾਲੀ ਸਰਕਾਰ’ ਦੇ ਨਾਅਰੇ ਬੁਲੰਦ ਕੀਤੇ ਤੇ ਭੀੜ ਨੇ ਹਰ ਵਾਰ ‘ਫਿਰ ਏਕ ਬਾਰ’ ਨਾਲ ਹੁੰਗਾਰਾ ਭਰਿਆ |
ਮੋਦੀ ਨੇ ਚੋਣ ਮੁਹਿੰਮ ਦੀ ਸ਼ੁਰਆਤ ‘ਚਾਰ ਸੌ ਪਾਰ’ ਨਾਲ ਕੀਤੀ ਸੀ, ਪਰ 19 ਅਪ੍ਰੈਲ ਨੂੰ ਪਹਿਲੇ ਗੇੜ ਦੀ ਪੋਲਿੰਗ ਵਿਚ ਘੱਟ ਵੋਟਿੰਗ ਤੋਂ ਬਾਅਦ ਭਾਜਪਾ ਨੂੰ ਮਹਿਸੂਸ ਹੋਇਆ ਕਿ ਏਨੀ ਵੱਡੀ ਜਿੱਤ ਦੇ ਸੱਦੇ ਨੇ ਲੋਕਾਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ ਕਿ ਤੀਜੀ ਵਾਰ ਸੱਤਾ ਵਿਚ ਆ ਕੇ ਭਾਜਪਾ ਸੰਵਿਧਾਨ ਬਦਲ ਦੇਵੇਗੀ | 21 ਅਪ੍ਰੈਲ ਨੂੰ ਰਾਜਸਥਾਨ ਦੇ ਬਾਂਸਵਾੜਾ ਦੀ ਰੈਲੀ ਵਿਚ ਮੋਦੀ ਨੇ ਇਹ ਸ਼ੁਰਲੀ ਛੱਡੀ ਕਿ ਕਾਂਗਰਸ ਲੋਕਾਂ ਦੀਆਂ ਜਾਇਦਾਦਾਂ ਤੇ ਮਹਿਲਾਵਾਂ ਦੇ ਮੰਗਲਸੂਤਰ ਖੋਹ ਕੇ ਮੁਸਲਮਾਨਾਂ ਵਿਚ ਵੰਡਣ ਦੀ ਯੋਜਨਾ ਬਣਾ ਰਹੀ ਹੈ | ਉਹ ਵਿਰਾਸਤ ਟੈਕਸ ਵੀ ਲਾਵੇਗੀ | ਧਰੁਵੀਕਰਨ ਦੀ ਇਸ ਕੋਸ਼ਿਸ਼ ਨਾਲ ਵੀ ਦੂਜੇ ਗੇੜ ਵਿਚ ਪੋਲਿੰਗ ਦਾ ਅੰਕੜਾ ਵਧਣ ਦੀ ਥਾਂ ਡਿਗ ਗਿਆ ਤਾਂ ਮੋਦੀ ਨੂੰ ਹੁਣ ਐੱਸ ਸੀ-ਐੱਸ ਟੀ ਚੇਤੇ ਆ ਗਏ ਹਨ | ਭਾਜਪਾ ਲੀਡਰਸ਼ਿਪ ਨੂੰ ਹੇਠੋਂ ਰਿਪੋਰਟਾਂ ਪੁੱਜੀਆਂ ਹਨ ਕਿ ਇਹ ਗੱਲ ਲੋਕਾਂ ਵਿਚ ਘਰ ਕਰ ਰਹੀ ਹੈ ਕਿ ਭਾਜਪਾ ਸਰਕਾਰ ਰਿਜ਼ਰਵੇਸ਼ਨ ਖਤਮ ਕਰ ਦੇਵੇਗੀ | ਵੋਟਿੰਗ ਉਨ੍ਹਾਂ ਰਾਜਾਂ ਵਿਚ ਹੀ ਵੱਧ ਡਿੱਗੀ ਹੈ, ਜਿੱਥੇ ਭਾਜਪਾ ਜਾਂ ਉਸ ਦੇ ਇਤਿਹਾਦੀਆਂ ਦੀਆਂ ਸਰਕਾਰਾਂ ਹਨ | ਮਸਲਨ ਯੂ ਪੀ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਬਿਹਾਰ | ਹਾਲਾਂਕਿ ਹਿੰਦੂ-ਮੁਸਲਿਮ ਦੀ ਗੱਲ ਖੁਦ ਕੀਤੀ, ਪਰ ਕੋਲਾਪੁਰ ਵਿਚ ਮੋਦੀ ਨੇ ਇਹ ਕਹਿ ਕੇ ਦੋਸ਼ ਆਪੋਜ਼ੀਸ਼ਨ ‘ਤੇ ਮੜ੍ਹਨ ਦਾ ਜਤਨ ਕੀਤਾ ਕਿ ਉਹ ਤਾਂ ‘ਵਿਕਸਤ ਭਾਰਤ’ ਲਈ ਵੋਟ ਮੰਗ ਰਹੇ ਸਨ, ਪਰ ਆਪੋਜ਼ੀਸ਼ਨ ਨੇ 370 ਧਾਰਾ ਦੀ ਬਹਾਲੀ ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਖਤਮ ਕਰਨ ਦੀਆਂ ਗੱਲਾਂ ਕਰਕੇ ਚੋਣਾਂ ਨੂੰ ਹੋਰ ਰਾਹ ‘ਤੇ ਪਾ ਦਿੱਤਾ | ਭਾਸ਼ਣ ਦੇ ਅਖੀਰ ਵਿਚ ਮੋਦੀ ਨੇ ਲੋਕਾਂ ਦੀਆਂ ਮਿੰਨਤਾਂ ਕੀਤੀਆਂ ਕਿ ਗਰਮੀ ਦੀ ਪਰਵਾਹ ਨਾ ਕਰਦਿਆਂ ਉਹ ਅਗਲੇ ਗੇੜਾਂ ਵਿਚ ਵੱਧ ਤੋਂ ਵੱਧ ਵੋਟਿੰਗ ਕਰਨ | ਤੀਜੇ ਗੇੜ ਵਿਚ ਵੀ ਵੋਟਿੰਗ ਨਾ ਵਧੀ ਤਾਂ ਨਾਅਰੇਬਾਜ਼ ਮੋਦੀ ਕੋਈ ਹੋਰ ਨਾਅਰਾ ਲੈ ਕੇ ਆ ਸਕਦੇ ਹਨ |