ਵੋਟਾਂ ਦਾ ਘਾਲਾਮਾਲਾ!

0
132

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪਹਿਲੇ ਤੇ ਦੂਜੇ ਗੇੜ ਵਿਚ ਹੋਈ ਪੋਲਿੰਗ ਦੇ ਅੰਕੜੇ ਜਾਰੀ ਕਰਨ ਵਿਚ ਚੋਣ ਕਮਿਸ਼ਨ ਵੱਲੋਂ ਲਾਈ ਗਈ ਦੇਰ ਨੇ ਆਪੋਜ਼ੀਸ਼ਨ ਪਾਰਟੀਆਂ ਨੂੰ ਚਿੰਤਤ ਕਰ ਦਿੱਤਾ ਹੈ। ਪਹਿਲੇ ਗੇੜ ਦੀ ਪੋਲਿੰਗ 19 ਜੁਲਾਈ ਤੇ ਦੂਜੇ ਗੇੜ ਦੀ ਪੋਲਿੰਗ 26 ਅਪ੍ਰੈਲ ਨੂੰ ਹੋਈ ਸੀ ਤੇ ਚੋਣ ਕਮਿਸ਼ਨ ਨੇ ਦੋਹਾਂ ਦੇ ਅੰਕੜੇ 30 ਅਪ੍ਰੈਲ ਨੂੰ ਜਾਰੀ ਕੀਤੇ। ਜਾਰੀ ਅੰਕੜਿਆਂ ਮੁਤਾਬਕ ਪਹਿਲੇ ਗੇੜ ਵਿਚ 66.14 ਫੀਸਦੀ ਪੋਲਿੰਗ ਹੋਈ, ਜੋ ਕਿ 2019 ਦੇ ਪਹਿਲੇ ਗੇੜ ਨਾਲੋਂ ਲੱਗਭੱਗ 4 ਫੀਸਦੀ ਘੱਟ ਸੀ। ਦੂਜੇ ਗੇੜ ਵਿਚ 66.71 ਫੀਸਦੀ ਪੋਲਿੰਗ ਹੋਈ, ਜੋ ਕਿ 2019 ਦੇ ਦੂਜੇ ਗੇੜ ਨਾਲੋਂ ਲੱਗਭੱਗ 3 ਫੀਸਦੀ ਘੱਟ ਸੀ।
ਕਾਂਗਰਸ, ਸੀ ਪੀ ਆਈ (ਐੱਮ) ਤੇ ਤਿ੍ਰਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਵੱਲੋਂ ਦੇਰੀ ਨਾਲ ਅੰਕੜੇ ਜਾਰੀ ਕਰਨ ’ਤੇ ਸਵਾਲ ਉਠਾਏ ਹਨ। ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਹਰੇਕ ਹਲਕੇ ਵਿਚ ਪਈਆਂ ਵੋਟਾਂ ਦੇ ਸਪੱਸ਼ਟ ਅੰਕੜੇ ਨਾ ਦੱਸਣ ’ਤੇ ਚਿੰਤਾ ਜਤਾਈ ਹੈ। ਉਨ੍ਹਾ ਕਿਹਾ ਹੈ ਕਿ ਅਸਲ ਅੰਕੜੇ ਦੱਸੇ ਜਾਣੇ ਚਾਹੀਦੇ ਸੀ, ਫੀਸਦ ਦੱਸਣ ਦਾ ਕੋਈ ਮਤਲਬ ਨਹੀਂ। ਉਨ੍ਹਾ ਤੌਖਲਾ ਪ੍ਰਗਟ ਕੀਤਾ ਹੈ ਕਿ ਗਿਣਤੀ ਵੇਲੇ ਹੇਰਾਫੇਰੀ ਹੋ ਸਕਦੀ ਹੈ। ਯੇਚੁਰੀ ਨੇ ਕਿਹਾ ਕਿ 2014 ਤੱਕ ਵੋਟ ਪਾਉਣ ਵਾਲਿਆਂ ਦੀ ਕੁਲ ਗਿਣਤੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਮਿਲਦੀ ਰਹੀ ਹੈ।
ਸਮਾਜੀ ਕਾਰਕੁੰਨ ਤੇ ਸਿਆਸਤਦਾਨ ਯੋਗੇਂਦਰ ਯਾਦਵ ਨੇ ਵੀ ਕੁਲ ਗਿਣਤੀ ਨਾ ਦੱਸਣ ’ਤੇ ਚਿੰਤਾ ਜ਼ਾਹਰ ਕਰਦਿਆਂ ਇਸ ਨੂੰ ਅਸਾਧਾਰਨ ਦੱਸਿਆ ਹੈ। ਮਸ਼ਹੂਰ ਚੋਣ ਵਿਸ਼ਲੇਸ਼ਕ ਰਹਿ ਚੁੱਕੇ ਯਾਦਵ ਨੇ ਕਿਹਾ ਹੈ-ਮੈਂ 35 ਸਾਲ ਤੋਂ ਭਾਰਤੀ ਚੋਣਾਂ ਦੇਖ ਕੇ ਉਨ੍ਹਾਂ ਦਾ ਅਧਿਐਨ ਕਰਦਾ ਆਇਆ ਹਾਂ, ਜਦਕਿ ਪੋਲਿੰਗ ਵਾਲੀ ਸ਼ਾਮ ਦੇ ਅੰਕੜੇ ਤੇ ਅੰਤਮ ਅੰਕੜੇ ਵਿਚਾਲੇ 3 ਤੋਂ 5 ਫੀਸਦੀ ਦਾ ਫਰਕ ਅਸਾਧਾਰਨ ਨਹੀਂ ਹੁੰਦਾ, ਸਾਨੂੰ ਅੰਕੜੇ 24 ਘੰਟਿਆਂ ਵਿਚ ਮਿਲ ਜਾਂਦੇ ਸਨ। ਉਨ੍ਹਾ ਵੋਟਰਾਂ ਦੀ ਗਿਣਤੀ ਨਾਲ ਦੱਸਣ ’ਤੇ ਕਿੰਤੂ ਕੀਤਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਚੋਣ ਕਮਿਸ਼ਨ ਅਸਲ ਅੰਕੜੇ ਜਾਰੀ ਕਰੇ। ਪਹਿਲੀ ਵਾਰ ਹੈ ਕਿ 11 ਦਿਨਾਂ ਬਾਅਦ ਵੀ ਅਸਲ ਅੰਕੜੇ ਨਹੀਂ ਦੱਸੇ ਗਏ। ਪਹਿਲਾਂ ਪੋਲਿੰਗ ਤੋਂ 24 ਘੰਟਿਆਂ ਵਿਚ ਜਾਰੀ ਕਰ ਦਿੱਤੇ ਜਾਂਦੇ ਸਨ।
ਤਿ੍ਰਣਮੂਲ ਕਾਂਗਰਸ ਦੇ ਸਾਂਸਦ ਡੈਰੇਕ ਓ’ਬ੍ਰਾਇਨ ਨੇ ਦੋ ਗੇੜਾਂ ਵਿਚ ਪੋਲਿੰਗ ਵੇਲੇ ਜਿੰਨੀ ਫੀਸਦ ਦੱਸੀ ਗਈ ਸੀ, 30 ਅਪ੍ਰੈਲ ਨੂੰ ਜਾਰੀ ਫੀਸਦ ਵਿਚ 5 ਫੀਸਦ ਦਾ ਵਾਧਾ ਹੋ ਗਿਆ ਹੈ। ਇਹ ਮਾਮੂਲੀ ਗੱਲ ਨਹੀਂ।
ਪਹਿਲੇ ਗੇੜ ਵਿਚ 102 ਤੇ ਦੂਜੇ ਗੇੜ ਵਿਚ 88 ਸੀਟਾਂ ਲਈ ਪੋਲਿੰਗ ਹੋਈ ਸੀ। ਚੋਣ ਕਮਿਸ਼ਨ ਨੇ ਪਹਿਲੇ ਗੇੜ ਵਿਚ 60 ਫੀਸਦੀ ਤੇ ਦੂਜੇ ਵਿਚ 60.96 ਫੀਸਦੀ ਵੋਟਾਂ ਪੈਣ ਦੀ ਗੱਲ ਕਹੀ ਸੀ। ਹੁਣ ਕਿਹਾ ਹੈ ਕਿ ਪਹਿਲੇ ਗੇੜ ਵਿਚ 66.14 ਤੇ ਦੂਜੇ ਗੇੜ ਵਿਚ 66.71 ਫੀਸਦੀ ਪੋਲਿੰਗ ਹੋਈ।

LEAVE A REPLY

Please enter your comment!
Please enter your name here