ਮੁੰਬਈ : ਕੇਂਦਰੀ ਮੰਤਰੀ ਨਿਤਿਨ ਗਡਕਰੀ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ‘ਚ ਬਣੇ ਰਹਿੰਦੇ ਹਨ | ਇਸ ਦਾ ਕਾਰਨ ਉਹ ਆਪਣੀ ਰਾਏ ਹਮੇਸ਼ਾ ਖੁੱਲ੍ਹ ਕੇ ਰੱਖਦੇ ਹਨ | ਗਡਕਰੀ ਮਹਾਰਾਸ਼ਟਰ ਦੇ ਨਾਗਪੁਰ ‘ਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ | ਜਿੱਥੇ ਉਨ੍ਹਾ ਇਸ ਪ੍ਰੋਗਰਾਮ ਦੌਰਾਨ ਰਾਜਨੀਤੀ ਨੂੰ ਲੈ ਕੇ ਆਪਣੇ ਨਿੱਜੀ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ | ਇਸ ਦੌਰਾਨ ਕੇਂਦਰੀ ਮੰਤਰੀ ਨੇ ਰਾਜਨੀਤੀ ਦੇ ਉਦੇਸ਼ ‘ਤੇ ਵੀ ਆਪਣੇ ਵਿਚਾਰ ਰੱਖੇ | ਉਨ੍ਹਾ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਰਾਜਨੀਤੀ ਕਦੋਂ ਛੱਡਾਂਗਾ, ਕਿਉਂਕਿ ਜੀਵਨ ‘ਚ ਰਾਜਨੀਤੀ ਤੋਂ ਇਲਾਵਾ ਹੋਰ ਵੀ ਕਈ ਕੰਮ ਹਨ, ਜੋ ਕਰਨ ਲਾਇਕ ਹਨ |’ ਗਡਕਰੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇਹ ਰਾਜਨੀਤੀ ਕੀ ਹੈ? ‘
ਨਿਤਿਨ ਨੇ ਅੱਗੇ ਕਿਹਾ—ਅਸੀਂ ਜੇਕਰ ਧਿਆਨ ਨਾਲ ਦੇਖਾਂਗੇ ਤਾਂ ਰਾਜਨੀਤੀ ਸਿਰਫ਼ ਸਮਾਜ ਲਈ ਹੈ ਅਤੇ ਸਮਾਜ ਵਿਕਾਸ ਲਈ ਹੈ, ਪਰ ਜੇਕਰ ਅਸੀਂ ਮੌਜੂਦਾ ਰਾਜਨੀਤੀ ਨੂੰ ਦੇਖਦੇ ਹਾਂ ਤਾਂ ਇਹ 100 ਫੀਸਦੀ ਸਿਰਫ਼ ਸੱਤਾ ਲਈ ਹੀ ਰਹਿ ਗਈ ਹੈ | ਉਨ੍ਹਾ ਇਸ ਦੌਰਾਨ ਇਹ ਵੀ ਕਿਹਾ ਕਿ ਮੈਨੂੰ ਕਦੀ-ਕਦੀ ਲੱਗਦਾ ਹੈ ਕਿ ਮੈਂ ਕਦ ਰਾਜਨੀਤੀ ਛੱਡਾਂਗਾ | ਇਸ ਤੋਂ ਪਹਿਲਾਂ ਇਕ ਸਮਾਗਮ ‘ਚ ਉਹਨਾ ਕਿਹਾ ਸੀ ਕਿ ਸਿਆਸਤ ‘ਚ ਵੀ ਹਰ ਕੋਈ ਪ੍ਰੇਸ਼ਾਨ ਹੈ | ਜੇਕਰ ਕੋਈ ਵਿਧਾਇਕ ਹੈ ਤਾਂ ਉਹ ਇਸ ਗੱਲੋਂ ਦੁਖੀ ਹੈ ਕਿ ਉਸ ਨੂੰ ਮੰਤਰੀ ਨਹੀਂ ਬਣਾਇਆ | ਜੇਕਰ ਕੋਈ ਮੰਤਰੀ ਹੈ ਤਾਂ ਉਹ ਇਸ ਗੱਲ ਤੋਂ ਦੁਖੀ ਹੈ ਕਿ ਉਸ ਨੂੰ ਚੰਗਾ ਵਿਭਾਗ ਨਹੀਂ ਦਿੱਤਾ ਗਿਆ | ਜੇਕਰ ਵਿਭਾਗ ਚੰਗਾ ਮਿਲ ਗਿਆ ਤਾਂ ਉਹ ਇਸ ਗੱਲ ਤੋਂ ਦੁਖੀ ਕਿ ਮੁੱਖ ਮੰਤਰੀ ਨਹੀਂ ਬਣਾਇਆ | ਜੋ ਮੁੱਖ ਮੰਤਰੀ ਬਣ ਗਿਆ ਤਾਂ ਉਸ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਕਿਸੇ ਵੀ ਸਮੇਂ ਹਟਾ ਦਿੱਤਾ ਜਾਵੇਗਾ |