ਨਵੀਂ ਦਿੱਲੀ : ਰਾਜ ਸਭਾ ਵਿਚ ਮਹਿੰਗਾਈ ਖਿਲਾਫ ਪ੍ਰੋਟੈੱਸਟ ਕਰਨ ਵਾਲੇ 19 ਮੈਂਬਰਾਂ ਨੂੰ ਮੰਗਲਵਾਰ ਇਸ ਹਫਤੇ ਲਈ ਮੁਅੱਤਲ ਕਰ ਦਿੱਤਾ ਗਿਆ | ਇਨ੍ਹਾਂ ਮੈਂਬਰਾਂ ਵਿਚ ਇਕ ਸੀ ਪੀ ਆਈ, ਦੋ ਮਾਰਕਸੀ ਪਾਰਟੀ, ਤਿੰਨ ਤੇਲੰਗਾਨਾ ਰਾਸ਼ਟਰ ਸਮਿਤੀ, ਛੇ ਡੀ ਐੱਮ ਕੇ ਅਤੇ ਸੱਤ ਤਿ੍ਣਮੂਲ ਕਾਂਗਰਸ ਦੇ ਹਨ | 18 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਅਜਲਾਸ ਦੇ ਪਹਿਲੇ ਦਿਨ ਤੋਂ ਹੀ ਆਪੋਜ਼ੀਸ਼ਨ ਮੈੈਂਬਰ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਅਤੇ ਜੀ ਐੱਸ ਟੀ ਲਗਾਉਣ ਨਾਲ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਖਿਲਾਫ ਪ੍ਰੋਟੈੱਸਟ ਕਰ ਰਹੇ ਹਨ | ਮੈਂਬਰ ਜਦੋਂ ਪੋ੍ਰਟੈੱਸਟ ਕਰਦੇ ਡਿਪਟੀ ਚੇਅਰਮੈਨ ਹਰੀਵੰਸ਼ ਸਿੰਘ ਦੀ ਮੇਜ਼ ਕੋਲ ਪੁੱਜ ਗਏ ਤਾਂ ਉਨ੍ਹਾਂ ਮੈਂਬਰਾਂ ਨੂੰ ਵਾਪਸ ਆਪਣੀਆਂ ਸੀਟਾਂ ‘ਤੇ ਜਾਣ ਲਈ ਕਿਹਾ | ਨਾ ਜਾਣ ‘ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵੀ ਮੁਰਲੀਧਰਨ ਨੇ 10 ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕਰ ਦਿੱਤਾ | ਇਹ ਮਤਾ ਜ਼ਬਾਨੀ ਵੋਟ ਨਾਲ ਪਾਸ ਹੋ ਗਿਆ | ਜਦੋਂ ਸਿੰਘ ਨੇ ਮੈਂਬਰਾਂ ਨੇ ਨਾਂਅ ਗਿਣਾਏ ਤਾਂ ਉਹ 19 ਨਿਕਲੇ | ਇਨ੍ਹਾਂ ਵਿਚ ਸੀ ਪੀ ਆਈ ਦੇ ਸੰਦੋਸ਼ ਕੁਮਾਰ ਵੀ ਹਨ |