ਭਿੱਖੀਵਿੰਡ : ਸੀ ਪੀ ਆਈ ਤੇ ਸੀ ਪੀ ਆਈ ਐੱਮ ਦੇ ਖਡੂਰ ਸਾਹਿਬ ਹਲਕੇ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਨੇ ਛੋਟਾ ਭਗਵਾਨਪੁਰਾ ਦੇ ਨਰੇਗਾ ਕਾਮਿਆਂ ਦੀ ਹਰਚੰਦ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ। ਸੰਬੋਧਨ ਦੌਰਾਨ ਉਨ੍ਹਾ ਕਿਹਾ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ, ਮੈਂ ਲੋਕ ਸਭਾ ਅੰਦਰ ਜਾ ਕੇ ਨਰੇਗਾ ਕੰਮ ਸਾਲ ਵਿੱਚ 200 ਦਿਨ ਤੇ ਦਿਹਾੜੀ 700 ਰੁਪਏ ਕਰਾਵਾਂਗਾ। ਨਰੇਗਾ ਕਾਨੂੰਨ ਲਾਗੂ ਕਰਨ ਵਿੱਚ ਜਿਹੜੀ ਅਫਸਰਸ਼ਾਹੀ ਅੜਿੱਕੇ ਡਾਹੁੰਦੀ ਹੈ, ਉਸ ਨੂੰ ਨਿਕੇਲ ਪਾਵਾਂਗਾ। ਤਰਨ ਤਾਰਨ ਜ਼ਿਲ੍ਹੇ ਵਿੱਚ ਅਸੀਂ ਨਰੇਗਾ ਕਾਮਿਆਂ ਨੂੰ ਕੰਮ ਦਿਵਾਉਣ ਵਿੱਚ ਸਾਰੇ ਭਾਰਤ ’ਚੋਂ ਪਹਿਲੇ ਨੰਬਰ ’ਤੇ ਹਾਂ। ਕੁਝ ਪਿੰਡ ਹਨ, ਜਿਥੇ ਨਰੇਗਾ ਅਧਿਕਾਰੀ ਵੱਡੇ-ਵੱਡੇ ਜ਼ਿਮੀਂਦਾਰਾਂ ਨਾਲ ਰਲ ਕੇ ਨਰੇਗਾ ਕਾਮਿਆਂ ਨੂੰ ਕੰਮ ਦੇਣ ਨਹੀਂ ਦਿੰਦੇ।ਉਹ ਚਾਹੁੰਦੇ ਹਨ ਕਿ ਇਹ ਨਰੇਗਾ ਕਾਮੇ ਸਾਡੀ ਹਵੇਲੀ ਦੇ ਹੀ ਨੌਕਰ ਬਣ ਕੇ ਰਹਿਣ। ਅਜਿਹੇ ਪਿੰਡਾਂ ਵਿੱਚ ਇੱਕ ਪਿੰਡ ਚੱਕ ਬਾਂਹਬਾ ਹੈ। ਇਸ ਪਿੰਡ ਦੇ ਵਰਕਰਾਂ ਨੇ ਸਾਡੀ ਚੋਣ ਮੁਹਿੰਮ ਦੌਰਾਨ ਮੀਟਿੰਗ ਕਰਾਈ। ਉਨ੍ਹਾਂ ਦੱਸਿਆ ਕਿ ਸਾਡੇ ਤਾਂ ਹਾਲੇ ਤੱਕ ਜਾਬ ਕਾਰਡ ਹੀ ਨਹੀਂ ਬਣੇ। ਗੁਰਦਿਆਲ ਸਿੰਘ ਨੇ ਕਿਹਾ ਕਿ ਤੁਸੀਂ ਦਾਤਰੀ ਸਿੱਟੇ ਨੂੰ ਵੋਟਾਂ ਪਾ ਕੇ ਮੈਨੂੰ ਕਾਮਯਾਬ ਬਣਾਓ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗੁਰਦਿਆਲ ਸਿੰਘ ਲੋਕ ਸਭਾ ਵਿੱਚ ਜਾ ਕੇ ਹਰੇਕ ਵਿਅਕਤੀ ਦੇ ਰੁਜ਼ਗਾਰ ਦੀ ਲੜਾਈ ਲੜੇਗਾ। ਰੁਜ਼ਗਾਰ ਹਰੇਕ ਵਿਅਕਤੀ ਨੂੰ ਮਿਲੇਗਾ, ਭਾਵੇਂ ਉਹ ਪੜ੍ਹਿਆ ਜਾਂ ਅਨਪੜ੍ਹ ਹੋਵੇ। ਗਰੀਬਾਂ ਦੇ ਕਰਜ਼ੇ ਮੁਆਫ਼ ਹੋਣਗੇ। ਰਾਸ਼ਨ ਡਿਪੂਆਂ ’ਤੇ ਮੁੜ ਘਰਾਂ ਦੀ ਰਸੋਈ ਵਿੱਚ ਵਰਤਣ ਵਾਲੀਆਂ 14 ਵਸਤਾਂ ਬਹਾਲ ਕੀਤੀਆਂ ਜਾਣਗੀਆਂ। ਇਨ੍ਹਾਂ 14 ਵਸਤਾਂ ਵਿੱਚ ਰਸੋਈ ਗੈਸ ਵੀ ਹੋਵੇਗੀ।ਕਿਸਾਨਾਂ ਨੂੰ ਖਾਦਾਂ, ਕੀੜੇਮਾਰ ਦਵਾਈਆਂ ਤੇ ਹੋਰ ਖੇਤੀਬਾੜੀ ਦੀਆਂ ਵਸਤਾਂ ਵਿੱਚ ਸਬਸਿਡੀ ਜੋ ਪਹਿਲਾਂ ਮਿਲਦੀ ਸੀ, ਉਹ ਬਹਾਲ ਕੀਤੀ ਜਾਵੇਗੀ। ਇਸ ਲਈ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਕਰੋ। ਉਸ ਦੀ ਕਾਮਯਾਬੀ ਮਿਹਨਤਕਸ਼ ਜਨਤਾ ਦੀ ਕਾਮਯਾਬੀ ਹੈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ, ਸੁਖਦੇਵ ਸਿੰਘ ਕੋਟ ਧਰਮ ਚੰਦ, ਨਰਿੰਦਰ ਸਿੰਘ ਅਲਗੋਂ, ਟਹਿਲ ਸਿੰਘ ਲੱਧੂ ਅਤੇ ਕੁਲਵੰਤ ਸਿੰਘ ਪੰਚਾਇਤ ਮੈਂਬਰ ਖਡੂਰ ਸਾਹਿਬ ਵੀ ਹਾਜ਼ਰ ਸਨ।





