ਚੇਨਈ : ਤਾਮਿਲਨਾਡੂ ਵਿਚ ਬਾਰ੍ਹਵੀਂ ਦੇ ਵਿਦਿਆਰਥੀ ਵੱਲੋਂ ਬੁੱਧਵਾਰ ਖੁਦਕੁਸ਼ੀ ਕਰ ਲੈਣ ਨਾਲ ਦੋ ਹਫਤਿਆਂ ਵਿਚ ਜਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜ ਹੋ ਗਈ | ਦੋ ਵਿਦਿਆਰਥੀਆਂ ਦੀ ਮੌਤ ਤਾਂ 24 ਘੰਟਿਆਂ ਵਿਚ ਹੀ ਹੋਈ | ਸ਼ਿਵਗੰਗਾ ਜ਼ਿਲ੍ਹੇ ਵਿਚ ਆਪਣੇ ਘਰ ਮਰੇ ਮਿਲੇ ਮੁੰਡੇ ਨੇ ਪਿੱਛੇ ਛੱਡੇ ਸੁਸਾਈਡ ਨੋਟ ਵਿਚ ਕਿਹਾ ਹੈ ਕਿ ਉਹ ਹਿਸਾਬ ਤੇ ਬਾਇਓਲੋਜੀ ਤੋਂ ਦੁਖੀ ਹੋ ਗਿਆ ਸੀ | ਉਸ ਤੋਂ ਪਹਿਲਾਂ ਚਾਰ ਕੁੜੀਆਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿਚ ਤਿੰਨ ਬਾਰ੍ਹਵੀਂ ‘ਚ ਪੜ੍ਹਦੀਆਂ ਸਨ | ਬੁੱਧਵਾਰ ਸਵੇਰੇ ਸ਼ਿਵਾਕਾਸ਼ੀ ਵਿਚ ਗਿਆਰ੍ਹਵੀਂ ‘ਚ ਪੜ੍ਹਦੀ ਕੁੜੀ ਮਰੀ ਮਿਲੀ | ਪੜਤਾਲਕਾਰਾਂ ਨੇ ਦੱਸਿਆ ਕਿ ਉਹ ਢਿੱਡ ‘ਚ ਸਖਤ ਦਰਦ ਤੋਂ ਦੁਖੀ ਸੀ | ਉਸ ਤੋਂ ਪਹਿਲਾਂ ਕੁੱਡਾਲੋਰ ਜ਼ਿਲ੍ਹੇ ਵਿਚ ਬਾਰ੍ਹਵੀਂ ਦੀ ਵਿਦਿਆਰਥਣ ਮਰੀ ਮਿਲੀ ਸੀ | ਉਸ ਨੇ ਪਿੱਛੇ ਛੱਡੇ ਸੁਸਾਇਡ ਨੋਟ ਵਿਚ ਕਿਹਾ ਸੀ ਕਿ ਉਹ ਮਾਪਿਆਂ ਦੀਆਂ ਆਈ ਏ ਐੱਸ ਬਣਨ ਦੀਆਂ ਆਸਾਂ ਪੂਰੀਆਂ ਕਰਨ ਤੋਂ ਅਸਮਰੱਥ ਹੈ | ਸੋਮਵਾਰ ਤਿਰੁਵੱਲੂਰ ਜ਼ਿਲ੍ਹੇ ਵਿਚ ਸੈਕਰਡ ਹਾਰਟ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਦੀ ਵਿਦਿਆਰਥਣ ਹੋਸਟਲ ਵਿਚ ਮਰੀ ਮਿਲੀ ਸੀ, ਪਰ ਮੌਕੇ ਤੋਂ ਸੁਸਾਈਡ ਨੋਟ ਨਹੀਂ ਮਿਲਿਆ ਸੀ | 13 ਜੁਲਾਈ ਨੂੰ ਕੱਲਾਕੁਰੀਚੀ ਜ਼ਿਲ੍ਹੇ ਵਿਚ ਵਿਦਿਆਰਥਣ ਦੀ ਪਹਿਲੀ ਮੌਤ ਤੋਂ ਬਾਅਦ ਜ਼ਬਰਦਸਤ ਪ੍ਰੋਟੈੱਸਟ ਦੌਰਾਨ ਹਿੰਸਾ ਵਿਚ ਕਈ ਲੋਕ ਜ਼ਖਮੀ ਹੋ ਗਏ ਸਨ |
ਉਸ ਨੇ ਸੁਸਾਇਡ ਨੋਟ ਵਿਚ ਕਿਹਾ ਸੀ ਕਿ ਦੋ ਟੀਚਰ ਉਸ ਨੂੰ ਬੇਇੱਜ਼ਤ ਕਰਦੇ ਸਨ | ਇਸ ਤੋਂ ਬਾਅਦ ਪੁਲਸ ਨੇ ਪਿ੍ੰਸੀਪਲ ਤੇ ਦੋ ਟੀਚਰਾਂ ਸਣੇ ਪੰਜ ਲੋਕਾਂ ਨੂੰ ਗਿ੍ਫਤਾਰ ਕਰ ਲਿਆ ਸੀ | ਕੁੜੀ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਜਿੱਥੇ ਉਹ ਮਰੀ ਮਿਲੀ, ਉਸ ਥਾਂ ਅਜਿਹੇ ਨਿਸ਼ਾਨ ਮਿਲੇ, ਜਿਵੇਂ ਉਸ ਨੂੰ ਜਿਸਮਾਨੀ ਮੁਕਾਬਲਾ ਕੀਤਾ ਹੋਵੇ | ਇਸ ਤੋਂ ਬਾਅਦ ਮਦਰਾਸ ਹਾਈ ਕੋਰਟ ਨੇ ਉਸ ਦਾ ਦੁਬਾਰਾ ਪੋਸਟਮਾਰਟਮ ਕਰਨ ਦਾ ਹੁਕਮ ਦਿੱਤਾ ਸੀ |
ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਮੰਗਲਵਾਰ ਕਿਹਾ ਸੀ ਕਿ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੁਖਦਾਇਕ ਹਨ | ਕਿਸੇ ਵੀ ਹਾਲਾਤ ਵਿਚ ਵਿਦਿਆਰਥੀਆਂ ‘ਚ ਖੁਦਕੁਸ਼ੀ ਦਾ ਖਿਆਲ ਨਹੀਂ ਆਉਣਾ ਚਾਹੀਦਾ | ਟੀਚਰਾਂ ਨੂੰ ਬੱਚਿਆਂ ਨੂੰ ਮਾਨਸਿਕ ਤੌਰ ‘ਤੇ ਤਕੜੇ ਕਰਨਾ ਚਾਹੀਦਾ ਹੈ | ਉਨ੍ਹਾ ਇਹ ਵੀ ਕਿਹਾ ਸੀ ਕਿ ਵਿਦਿਆਰਥੀਆਂ ਨਾਲ ਯੋਨ ਸ਼ੋਸ਼ਣ ਕਰਨ ਵਾਲਿਆਂ ਅਤੇ ਮਾਨਸਿਕ ਤੇ ਜਿਸਮਾਨੀ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਬੜਿਆ ਜਾਵੇਗਾ |