ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਸਾਂਸਦ ਸਵਾਤੀ ਮਾਲੀਵਾਲ ਨਾਲ ਹੋਏ ਕਥਿਤ ਕੁੱਟਮਾਰ ਦੇ ਮਾਮਲੇ ’ਚ ਦਿੱਲੀ ਪੁਲਸ ਨੇ ਬਿਭਵ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਬਿਭਵ ਕੁਮਾਰ ਦਾ ਨਾਂਅ ਦਿੱਲੀ ਪੁਲਸ ਦੀ ਐੱਫ ਆਈ ਆਰ ’ਚ ਹੈ। ਹੁਣ ਉਸ ਤੋਂ ਇਸ ਮਾਮਲੇ ’ਚ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਦਿੱਲੀ ਪੁਲਸ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਨਿਵਾਸ ਤੋਂ ਬਿਭਵ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ। ਇਸ ਤੋਂ ਬਾਅਦ ਬਿਭਵ ਨੂੰ ਤੀਸ ਹਜ਼ਾਰੀ ਕੋਰਟ ’ਚ ਪੇਸ਼ ਕੀਤਾ ਗਿਆ। ਕੋਰਟ ਨੇ ਉਨ੍ਹਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ‘ਆਪ’ ਦੇ ਲੀਗਲ ਸੈੱਲ ਦੇ ਪ੍ਰਦੇਸ਼ ਪ੍ਰਧਾਨ ਐਡਵੋਕੇਟ ਸੰਜੀਵ ਕੁਮਾਰ ਨਾਸਿਯਾਰ ਨੇ ਕਿਹਾ, ‘ਬਿਭਵ ਕੁਮਾਰ ਨੂੰ ਥਾਣੇ ਲਿਆਉਣ ਤੋਂ ਬਾਅਦ ਦਿੱਲੀ ਪੁਲਸ ਨੇ ਸਾਨੂੰ ਉਨ੍ਹਾ ਨਾਲ ਮਿਲਣ ਨਹੀਂ ਦਿੱਤਾ। ਇਸ ਤੋਂ ਬਾਅਦ ਅਸੀਂ ਤੁਰੰਤ ਅਗਾਊਂ ਜ਼ਮਾਨਤ ਅਰਜ਼ੀ ਲਾਈ, ਜਿਸ ’ਤੇ ਕਰੀਬ ਇੱਕ ਘੰਟੇ ਤੱਕ ਬਹਿਸ ਚੱਲੀ, ਪਰ ਇਸ ਦੌਰਾਨ ਦਿੱਲੀ ਪੁਲਸ ਦਾ ਪੱਖ ਰੱਖ ਰਹੇ ਸਰਕਾਰੀ ਵਕੀਲ ਨੇ ਕੋਰਟ ਨੂੰ ਇਹ ਨਹੀਂ ਦੱਸਿਆ ਕਿ ਬਿਭਵ ਕੁਮਾਰ ਨੂੰ ਗਿ੍ਰਫਤਾਰ ਕਰ ਲਿਆ ਹੈ। ਜਦ ਸਾਡੀ ਦਲੀਲ ਖ਼ਤਮ ਹੋਈ ਤਾਂ ਅਸੀਂ ਕੋਰਟ ਨੂੰ ਕਨਵੈਂਸ ਕਰ ਲਿਆ ਅਤੇ ਕੋਰਟ ਨੇ ਸਾਡਾ ਫੈਸਲਾ ਸੁਰੱਖਿਅਤ ਰੱਖ ਲਿਆ, ਇਸ ਤੋਂ ਬਾਅਦ ਸਰਕਾਰੀ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਪੁਲਸ ਨੇ ਬਿਭਵ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਸੁਭਾਵਿਕ ਤੌਰ ’ਤੇ ਜਦ ਗਿ੍ਰਫ਼ਤਾਰੀ ਹੋ ਜਾਂਦੀ ਹੈ ਤਾਂ ਅਗਾਊਂ ਜ਼ਮਾਨਤ ਅਰਜ਼ੀ ਅਰਥਹੀਣ ਹੋ ਜਾਂਦੀ ਹੈ। ਹੁਣ ਗਿ੍ਰਫ਼ਤਾਰੀ ਦੇ ਬਾਅਦ ਨਵੀਂ ਅਰਜ਼ੀ ਲਾਉਣੀ ਹੋਵੇਗੀ।’
ਬਿਭਵ ਕੁਮਾਰ ਦੇ ਵਕੀਲਾਂ ਵੱਲੋਂ ਕੋਰਟ ਨੂੰ ਕੁਝ ਵੀਡੀਓ ਦਿਖਾਏ ਗਏ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਸਵਾਤੀ ਮਾਲੀਵਾਲ ਦੇ ਨਾਲ ਕੋਈ ਕੁੱਟਮਾਰ ਨਹੀਂ ਹੋਈ। ਵਕੀਲ ਨੇ ਕਿਹਾਉਸ ਦਿਨ ਸਵਾਤੀ ਕੁਰਤਾ ਪਹਿਨ ਕੇ ਆਈ ਸੀ, ਉਸ ’ਚ ਕੋਈ ਬਟਨ ਨਹੀਂ ਹੈ ਤਾਂ ਬਟਨ ਤੋੜਨ ਦਾ ਕੋਈ ਸਵਾਲ ਹੀ ਨਹੀਂ ਉਠਦਾ। ਬਿਭਵ ਦੇ ਵਕੀਲ ਨੇ ਕਿਹਾ ਕਿ ਸਵਾਤੀ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਬਿਭਵ ਉਨ੍ਹਾ ਦੇ ਅਹੁਦੇ ਤੋਂ ਕਾਫ਼ੀ ਥੱਲੇ ਹਨ। ਕਿਉਂ ਉਨ੍ਹਾ ਨਾਲ ਕੋਈ ਇਸ ਤਰ੍ਹਾਂ ਦੀ ਹਰਕਤ ਕਰੇਗਾ। ਮੁੱਖ ਮੰਤਰੀ ਨੂੰ ਕੋਈ ਵੀ ਅਪਾਇੰਟਮੈਂਟ ਤੋਂ ਬਿਨਾਂ ਨਹੀਂ ਮਿਲ ਸਕਦਾ, ਫਿਰ ਸਵਾਤੀ ਦਾ ਮੁੱਖ ਮੰਤਰੀ ਨੂੰ ਮਿਲਣ ਦੀ ਜ਼ਿੱਦ ਕਰਨਾ ਕਿਸ ਤਰ੍ਹਾਂ ਜਾਇਜ਼ ਹੋ ਸਕਦਾ ਹੈ? ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ।
ਉਥੇ ਹੀ ਗਿ੍ਰਫ਼ਤਾਰੀ ਤੋਂ ਪਹਿਲਾਂ ਬਿਭਵ ਕੁਮਾਰ ਨੇ ਦਿੱਲੀ ਪੁਲਸ ਨੂੰ ਦੋ ਈਮੇਲ ਕੀਤੇ ਸਨ। ਪਹਿਲੇ ਈਮੇਲ ’ਚ ਉਸ ਨੇ ਸਵਾਤੀ ਮਾਲੀਵਾਲ ਦੀ ਸ਼ਿਕਾਇਤ ਕੀਤੀ ਸੀ ਅਤੇ ਦੂਜੇ ਈਮੇਲ ’ਚ ਉਸ ਨੇ ਪੁਲਸ ਦਿੱਲੀ ਪੁਲਸ ਨੂੰ ਜਾਂਚ ’ਚ ਸਹਿਯੋਗ ਕਰਨ ਦੀ ਗੱਲ ਕੀਤੀ ਸੀ। ਇਸ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਪਹਿਲਾਂ ਹੀ ਇਸ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਫਸਾਉਣ ਲਈ ਸਵਾਤੀ ਮਾਲੀਵਾਲ ਦਾ ਇਸਤੇਮਾਲ ਕਰਨ ਦੀ ਸਾਜ਼ਿਸ਼ ਦੱਸ ਚੁੱਕੇ ਹਨ।
ਮਾਲੀਵਾਲ ਦੀ ਮੈਡੀਕਲ ਰਿਪੋਰਟ : ਏਮਜ਼ ਦਿੱਲੀ ਦੇ ਡਾਕਟਰਾਂ ਦੀ ਟੀਮ ਨੇ ਸਵਾਤੀ ਮਾਲੀਵਾਲ ਨੂੰ ਮੈਡੀਕਲ ਰਿਪੋਰਟ ਸੌਂਪ ਦਿੱਤੀ ਹੈ। ਵੀਰਵਾਰ ਨੂੰ ਸਵਾਤੀ ਮਾਲੀਵਾਲ ਦਾ ਮੈਡੀਕਲ ਟੈਸਟ ਕਰਾਇਆ ਗਿਆ ਸੀ। ਸ਼ਨੀਵਾਰ ਉਨ੍ਹਾ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ। ਰਿਪੋਰਟ ’ਚ ਸਵਾਤੀ ਮਾਲੀਵਾਲ ਦੇ ਸੱਜੀ ਗੱਲ ’ਤੇ, ਅੱਖ ਦੇ ਥੱਲੇ ਅਤੇ ਖੱਬੀ ਲੱਤ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਰਿਪੋਰਟ ਅਨੁਸਾਰ ਮਾਲੀਵਾਲ ਦੇ ਸਰੀਰ ’ਤੇ 4 ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।



