ਵਾਸ਼ਿੰਗਟਨ : ਗੋਪੀ ਥੋਟਾਕੁਰਾ ਭਾਰਤ ਦੇ ਪਹਿਲੇ ਪੁਲਾੜ ਸੈਲਾਨੀ ਬਣ ਗਏ ਹਨ। ਉਦਯੋਗਪਤੀ ਤੇ ਪਾਇਲਟ ਗੋਪੀ ਨੇ ਐਤਵਾਰ ਬਲੂ ਓਰੀਜਿਨ ਦੇ ਨਿੱਜੀ ਪੁਲਾੜ ਯਾਨ ਨਾਲ ਉਡਾਣ ਭਰੀ। ਬਲੂ ਓਰੀਜਿਨ ਅਮੇਜ਼ਨ ਦੇ ਬਾਨੀ ਜੈੱਫ ਬੇਜੋਸ ਦੀ ਕੰਪਨੀ ਹੈ। ਗੋਪੀ ਨੂੰ ਪੰਜ ਹੋਰਨਾਂ ਯਾਤਰੀਆਂ ਨਾਲ ਨਿਊ ਸ਼ੈਪਰਡ-25 ਮਿਸ਼ਨ ਲਈ ਚੁਣਿਆ ਗਿਆ ਸੀ। ਪੁਲਾੜ ਦੀ ਉਡਾਣ ਭਰਨ ਦੇ ਨਾਲ ਹੀ ਉਹ ਪਹਿਲੇ ਭਾਰਤੀ ਪੁਲਾੜ ਸੈਲਾਨੀ ਬਣ ਗਏ ਹਨ ਤੇ ਪੁਲਾੜ ’ਚ ਜਾਣ ਵਾਲੇ ਦੂਜੇ ਭਾਰਤੀ ਬਣ ਗਏ। ਭਾਰਤੀ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ 1984 ’ਚ ਪੁਲਾੜ ’ਚ ਗਏ ਸਨ। ਰਾਕੇਸ਼ ਸ਼ਰਮਾ ਪੁਲਾੜ ’ਚ ਜਾਣ ਵਾਲੇ ਪਹਿਲੇ ਭਾਰਤੀ ਹਨ। ਬਲੂ ਓਰੀਜਿਨ ਦੀ ਸੱਤਵੀਂ ਮਨੁੱਖੀ ਉਡਾਣ ਐੱਨ ਐੱਸ 25 ਐਤਵਾਰ ਨੂੰ ਸਵੇਰੇ ਵੈੱਸਟ ਟੈਕਸਾਸ ਤੋਂ ਰਵਾਨਾ ਹੋਈ। ਸੈਲਾਨੀ ਅੰਦਾਜ਼ਨ 10 ਮਿੰਟ ਤੱਕ ਪੁਲਾੜ ’ਚ ਰਹੇ। ਉਡਾਣ ਦੌਰਾਨ ਯਾਤਰੀਆਂ ਨੇ ਕੁਝ ਮਿੰਟਾਂ ਲਈ ਭਾਰਹੀਣਤਾ ਤੇ ਕੈਬਿਨ ਦੀਆਂ ਖਿੜਕੀਆਂ ਤੋਂ ਧਰਤੀ ਦੇ ਅਲੌਕਿਕ ਦਿ੍ਰਸ਼ਾਂ ਦਾ ਤਜਰਬਾ ਕੀਤਾ। ਇਸ ਤੋਂ ਬਾਅਦ ਪੁਲਾੜ ਯਾਨ ਦੀ ਧਰਤੀ ’ਤੇ ਸੁਰੱਖਿਅਤ ਵਾਪਸੀ ਹੋ ਗਈ।



