ਦੁਬਈ : ਉੱਤਰ-ਪੱਛਮੀ ਈਰਾਨ ਦੇ ਪਹਾੜੀ ਖੇਤਰ ਵਿਚ ਐਤਵਾਰ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਰਾਸ਼ਟਰਪਤੀ ਇਬਰਾਹਿਮ ਰਈਸੀ (63), ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਹੀਨ (60) ਅਤੇ ਹੋਰ ਵਿਅਕਤੀਆਂ ਦੀਆਂ ਹਾਦਸੇ ਵਾਲੀ ਥਾਂ ਤੋਂ ਲਾਸ਼ਾਂ ਮਿਲੀਆਂ ਹਨ। ਘਟਨਾ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਈਰਾਨ ਨੇ ਆਪਣੇ ਸੁਪਰੀਮ ਨੇਤਾ ਆਇਤੁੱਲਾ ਅਲੀ ਖਮੇਨੇਈ ਦੀ ਅਗਵਾਈ ’ਚ ਪਿਛਲੇ ਮਹੀਨੇ ਇਜ਼ਰਾਈਲ ’ਤੇ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੀ।
ਰਈਸੀ ਦੀ ਮੌਤ ਤੋਂ ਬਾਅਦ ਖਮੇਨੇਈ ਨੇ ਪ੍ਰਥਮ ਉਪ ਰਾਸ਼ਟਰਪਤੀ ਮੁਹੰਮਦ ਮੁਖਬਰ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ। ਕਾਨੂੰਨ ਮੁਤਾਬਕ 50 ਦਿਨਾਂ ਦੇ ਅੰਦਰ ਨਵੇਂ ਰਾਸ਼ਟਰਪਤੀ ਦੀ ਚੋੋਣ ਹੋਵੇਗੀ। ਮੁਖਬਰ ਦਾ ਜਨਮ 1 ਸਤੰਬਰ 1955 ਨੂੰ ਹੋਇਆ ਸੀ। ਰਈਸੀ ਵਾਂਗ ਮੁਖਬਰ ਨੂੰ ਸੁਪਰੀਮ ਲੀਡਰ ਅਲੀ ਖਮੇਨੇਈ ਦਾ ਕਰੀਬੀ ਮੰਨਿਆ ਜਾਂਦਾ ਹੈ।



