ਬੈਂਗਲੁਰੂ : ਆਮ ਤੌਰ ’ਤੇ ਸੁੰਨਸਾਨ ਰਹਿਣ ਵਾਲੇ ਬੈਂਗਲੁਰੂ ਦੇ ਜਨਰਲ ਪੋਸਟ ਆਫਿਸ ਵਿਚ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਖਾਤੇ ਖੁਲ੍ਹਵਾਉਣ ਲਈ ਬੀਬੀਆਂ ਦੀਆਂ ਜ਼ਬਰਦਸਤ ਭੀੜਾਂ ਲੱਗ ਰਹੀਆਂ ਹਨ। ਆਪੋਜ਼ੀਸ਼ਨ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਨੇ ਐਲਾਨ ਕੀਤਾ ਹੋਇਆ ਹੈ ਕਿ ਉਸ ਦੀ ਸਰਕਾਰ ਬਣਦਿਆਂ ਹੀ ਬੀਬੀਆਂ ਦੇ ਖਾਤਿਆਂ ਵਿਚ ਹਰ ਮਹੀਨੇ 8500 ਰੁਪਏ ਡਿੱਗਿਆ ਕਰਨਗੇ। ਪੋਸਟ ਆਫਿਸ ਵਿਖੇ ਬੀਬੀਆਂ, ਖਾਸਕਰ ਬੁਰਕੇ ਵਾਲੀਆਂ ਬੀਬੀਆਂ ਨੇ ਦੱਸਿਆ ਕਿ ਖਾਤਾ ਖੁੱਲ੍ਹਣ ਵਾਲੇ ਦਿਨ ਤੋਂ ਹੀ ਪੈਸੇ ਆਉਣ ਦੀ ਚਰਚਾ ਕਾਰਨ ਉਹ ਆ ਰਹੀਆਂ ਹਨ। ਚੀਫ ਪੋਸਟ ਮਾਸਟਰ ਐੱਚ ਐੱਮ ਮਨਜੇਸ਼ ਨੇ ਕਿਹਾ ਕਿ ਬੀਬੀਆਂ ਅਫਵਾਹ ਦਾ ਸ਼ਿਕਾਰ ਹੋ ਗਈਆਂ ਹਨ। ਪਹਿਲਾਂ ਇਕ ਕਾਊਂਟਰ ’ਤੇ 50-60 ਖਾਤੇ ਖੋਲ੍ਹੇ ਜਾਂਦੇ ਸਨ, ਪਰ ਅੱਜਕੱਲ੍ਹ ਪੰਜ-ਛੇ ਸੌ ਤੇ ਕਦੇ-ਕਦੇ ਇਕ ਹਜ਼ਾਰ ਖਾਤੇ ਖੋਲ੍ਹ ਰਹੇ ਹਾਂ। ਹੋਰਨਾਂ ਡਾਕਖਾਨਿਆਂ ਤੋਂ ਸਟਾਫ ਮੰਗਾਉਣਾ ਪੈ ਰਿਹਾ ਹੈ। ਦਰਅਸਲ ਬੀਬੀਆਂ ਨੂੰ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਹੋਂਦ ਵਿਚ ਆਉਣ ਦੇ ਛੇਤੀ ਬਾਅਦ ਗ੍ਰਹਿ ਲਕਸ਼ਮੀ ਗਰੰਟੀ ਸਕੀਮ ਤਹਿਤ ਦੋ ਹਜ਼ਾਰ ਰੁਪਏ ਦੇਣੇ ਸ਼ੁਰੂ ਕਰ ਦਿੱਤੇ ਸਨ ਤੇ ਉਨ੍ਹਾਂ ਨੂੰ ਲਗਦੈ ਕਿ 8500 ਰੁਪਏ ਵੀ ਮਿਲ ਹੀ ਜਾਣੇ ਹਨ।