ਗੋਂਡਾ : ਯੂ ਪੀ ਦੇ ਗੋਂਡਾ ਜ਼ਿਲ੍ਹੇ ’ਚ ਬੁੱਧਵਾਰ ਕੈਸਰਗੰਜ ਤੋਂ ਸੰਸਦ ਮੈਂਬਰ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਬੇਟੇ ਅਤੇ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫਲੇ ’ਚ ਸ਼ਾਮਲ ਫਾਰਚੂਨਰ ਨਾਲ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਔਰਤ ਗੰਭੀਰ ਜ਼ਖਮੀ ਹੋ ਗਈ। ਇਸ ਘਟਨਾ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਚਾਰ ਥਾਣਿਆਂ ਦੀ ਪੁਲਸ ਮੌਕੇ ’ਤੇ ਤਾਇਨਾਤ ਕਰਨੀ ਪਈ।
ਕਰਨ ਭੂਸ਼ਣ ਸਿੰਘ ਆਪਣੇ ਕਾਫਲੇ ਨਾਲ ਕਰਨਲਗੰਜ ਤੋਂ ਬਹਿਰਾਇਚ ਜ਼ਿਲ੍ਹੇ ਦੇ ਹਜ਼ੂਰਪੁਰ ਵੱਲ ਜਾ ਰਿਹਾ ਸੀ ਤੇ ਰਾਹ ’ਚ ਬੈਕੁੰਠ ਡਿਗਰੀ ਕਾਲਜ ਦੇ ਕੋਲ ਕਾਫਲੇ ਦੀ ਅਗਵਾਈ ਕਰ ਰਹੇ ਕਰਨ ਭੂਸ਼ਣ ਸਿੰਘ ਦੀ ਗੱਡੀ ਲੰਘਣ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਗੱਡੀ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਟਕਰਾਅ ਗਈ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਰੇਹਾਨ ਖਾਨ (17) ਤੇ ਸ਼ਹਿਜ਼ਾਦ ਖਾਨ (24) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 60 ਸਾਲਾ ਸੀਤਾ ਦੇਵੀ ਗੰਭੀਰ ਜ਼ਖਮੀ ਹੋ ਗਈ। ਟੱਕਰ ਤੋਂ ਬਾਅਦ ਗੱਡੀ ਸਵਾਰ ਆਪਣੀ ਗੱਡੀ ਮੌਕੇ ’ਤੇ ਹੀ ਛੱਡ ਕੇ ਕਾਫਲੇ ਦੇ ਹੋਰ ਵਾਹਨਾਂ ’ਚ ਫਰਾਰ ਹੋ ਗਏ। ਬਾਅਦ ਵਿੱਚ ਐਡੀਸ਼ਨਲ ਐੱਸ ਪੀ ਰਾਧੇ ਸ਼ਿਆਮ ਰਾਏ ਨੇ ਦੱਸਿਆ ਕਿ ਫਾਰਚੂਨਰ ਦੇ 30 ਸਾਲਾ ਡਰਾਈਵਰ ਲਵਕੁਸ਼ ਸ੍ਰੀਵਾਸਤਵ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਯੂ ਪੀ ਪੁਲਸ ਦੇ ਇਕ ਸੂਤਰ ਨੇ ਦੱਸਿਆ ਕਿ ਕਰਨ ਟੱਕਰ ਮਾਰਨ ਵਾਲੀ ਫਾਰਚੂਨਰ ਵਿਚ ਸਵਾਰ ਸੀ, ਪਰ ਖੁਦ ਨਹੀਂ ਚਲਾ ਰਿਹਾ ਸੀ।
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਕਾਰਨ ਭਾਜਪਾ ਨੇ ਐਤਕੀਂ ਟਿਕਟ ਨਾ ਦੇ ਕੇ ਬੇਟੇ ਨੂੰ ਦਿੱਤੀ ਸੀ।
ਆਪੋਜ਼ੀਸ਼ਨ ਆਗੂਆਂ ਨੇ ਕਿਹਾ ਕਿ ਇਹ ਵੀ ਲਖੀਮਪੁਰ ਖੀਰੀ ਵਰਗਾ ਮਾਮਲਾ ਹੈ, ਜਿਸ ਵਿਚ 2021 ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਦੀ ਗੱਡੀ ਨੇ ਪ੍ਰੋਟੈੱਸਟ ਕਰ ਰਹੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ ਸੀ।