ਜੰਮੂ : ਅਖਨੂਰ ਇਲਾਕੇ ’ਚ ਜੰਮੂ-ਪੁਣਛ ਹਾਈਵੇ ’ਤੇ ਵੀਰਵਾਰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਡੇਢ ਸੌ ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ 69 ਜ਼ਖਮੀ ਹੋ ਗਏ। ਅਖਨੂਰ ਖੇਤਰ ਦੇ ਚੌਕ ਚੌਰਾ ਵਿਖੇ ਚੁੰਗੀ ਮੋੜ ਨੇੜੇ ਬੱਸ ਦੇ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਣ ਕਾਰਨ ਹਾਦਸਾ ਹੋਇਆ। ਬੱਸ ਵਿਚ ਯੂ ਪੀ ਦੇ ਹਾਥਰਸ ਤੋਂ ਇਲਾਵਾ ਰਾਜਸਥਾਨ ਦੇ ਕਰੀਬ 90 ਲੋਕ ਸਵਾਰ ਸਨ ਤੇ ਸ਼ਿਵ ਖੋੜੀ ਜਾ ਰਹੇ ਸਨ।
ਜਾਫੀ ਪੰਮਾ ਸੋਹਾਣਾ ਨੂੰ ਮੌਤ ਨੇ ਪਾਇਆ ਜੱਫਾ
ਮੁਹਾਲੀ : ਇੱਥੋਂ ਦੇ ਵਸਨੀਕ ਅਤੇ ਪੰਜਾਬ ਦੇ ਪ੍ਰਸਿੱਧ ਜਾਫੀ ਪੰਮਾ ਸੋਹਾਣਾ ਦੀ ਬੁੱਧਵਾਰ ਦੇਰ ਰਾਤ ਇੱਥੇ ਹਾਦਸੇ ਵਿਚ ਮੌਤ ਹੋ ਗਈ। ਪੰਮਾ ਆਪਣੇ ਘਰ ਵੱਲ ਨੂੰ ਸਕਾਰਪੀਓ ’ਚ ਆ ਰਿਹਾ ਸੀ ਤਾਂ ਸੈਕਟਰ 79 ਦੇ ਲਾਈਟ ਪੁਆਇੰਟ ਉੱਤੇ ਇੱਕ ਹੋਰ ਗੱਡੀ ਨਾਲ ਉਸ ਦਾ ਐਕਸੀਡੈਂਟ ਹੋ ਗਿਆ। ਖਿੜਕੀ ਦਾ ਸ਼ੀਸ਼ਾ ਖੁੱਲ੍ਹਾ ਹੋਣ ਕਾਰਨ ਪੰਮਾ ਖਿੜਕੀ ਵਿੱਚੋਂ ਬਾਹਰ ਨਿਕਲ ਕੇ ਸੜਕ ’ਤੇ ਡਿੱਗ ਪਿਆ। ਸਿਰ ’ਚ ਸੱਟ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣੇ ’ਤੇ ਧਾਵਾ ਬੋਲਣ ਵਾਲੇ ਤਿੰਨ ਲੈਫਟੀਨੈਂਟ ਕਰਨਲਾਂ ਸਮੇਤ 16 ਖਿਲਾਫ ਐੱਫ ਆਈ ਆਰ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ’ਚ ਤਿੰਨ ਲੈਫਟੀਨੈਂਟ ਕਰਨਲਾਂ ਸਮੇਤ 16 ਖਿਲਾਫ ਕਤਲ ਦੀ ਕੋਸ਼ਿਸ਼ ਤੇ ਡਕੈਤੀ ਵਰਗੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੋਮਵਾਰ ਰਾਤ ਕਰੀਬ 11.50 ਵਜੇ ਫੌਜੀਆਂ ਨੇ ਕੁਪਵਾੜਾ ਥਾਣੇ ’ਚ ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਐੱਫ ਆਈ ਆਰ ’ਚ ਕਿਹਾ ਗਿਆ ਹੈ ਕਿ ਲੈਫਟੀਨੈਂਟ ਕਰਨਲਾਂ ਅੰਕਿਤ ਸੂਦ, ਰਾਜੀਵ ਚੌਹਾਨ ਤੇ ਨਿਖਿਲ ਦੀ ਅਗਵਾਈ ’ਚ 160 ਟੈਰੀਟੋਰੀਅਲ ਆਰਮੀ ਦੇ ਭਾਰੀ ਗਿਣਤੀ ’ਚ ਹਥਿਆਰਬੰਦ ਅਤੇ ਵਰਦੀਧਾਰੀ ਜਵਾਨ ਥਾਣੇ ’ਚ ਦਾਖਲ ਹੋਏ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਜ਼ਖਮੀ ਪੁਲਸ ਵਾਲਿਆਂ ਦੇ ਮੋਬਾਈਲ ਫੋਨ ਵੀ ਖੋਹ ਲਏ ਤੇ ਜਾਂਦੇ ਹੋਏ ਇਕ ਸਿਪਾਹੀ ਨੂੰ ਨਾਲ ਲੈ ਗਏ। ਇਸ ਦੀ ਸੂਚਨਾ ਤੁਰੰਤ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਬਚਾਇਆ ਤੇ ਕਾਨੂੰਨੀ ਕਾਰਵਾਈ ਕੀਤੀ। ਫੌਜੀਆਂ ਨੇ ਥਾਣੇ ’ਤੇ ਧਾਵਾ ਪੁਲਸ ਵੱਲੋਂ ਟੈਰੀਟੋਰੀਅਲ ਆਰਮੀ ਦੇ ਜਵਾਨ ਦੀ ਕਥਿਤ ਡਰੱਗ ਮਾਮਲੇ ’ਚ ਪੁੱਛਗਿੱਛ ਕਰਨ ਤੋਂ ਬਾਅਦ ਬੋਲਿਆ।