ਨਵੀਂ ਦਿੱਲੀ : ਦਿੱਲੀ ਤੋਂ ਸਾਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ 20 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਜਿਸ ਕਾਰਨ ਕੁਝ ਲੋਕ ਬਿਨਾਂ ਏਅਰ ਕੰਡੀਸ਼ਨ ਦੇ ਜਹਾਜ਼ ਦੇ ਅੰਦਰ ਬੇਹੋਸ਼ ਹੋ ਗਏ | ਕਈਆਂ ਨੇ ਆਪਣੀ ਦੁਰਦਸ਼ਾ ਐਕਸ ‘ਤੇ ਪੋਸਟ ਕੀਤੀ | ਏਅਰ ਇੰਡੀਆ ਦੀ ਫਲਾਈਟ ਏ ਆਈ 183 ਨੇ 30 ਮਈ ਨੂੰ ਬਾਅਦ ਦੁਪਹਿਰ 3.20 ਵਜੇ ਦਿੱਲੀ ਤੋਂ ਸਾਨ ਫਰਾਂਸਿਸਕੋ ਲਈ ਉਡਾਣ ਭਰਨੀ ਸੀ, ਪਰ ਕਈ ਘੰਟਿਆਂ ਦੀ ਦੇਰੀ ਨਾਲ 31 ਮਈ ਨੂੰ ਸਵੇਰੇ 11 ਵਜੇ ਉਡਾਣ ਭਰੀ | ਯਾਤਰੀ ਸ਼ਵੇਤਾ ਪੁੰਜ ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਦੇ ਬੇਹੋਸ਼ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ | ਉਸ ਨੇ ਆਪਣੀ ਪੋਸਟ ‘ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਟੈਗ ਕੀਤਾ ਅਤੇ ਪੂਰੀ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ | ਇਸੇ ਦੌਰਾਨ ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਨੇ ਏਅਰ ਇੰਡੀਆ ਨੂੰ ਦੋ ਕੌਮਾਂਤਰੀ ਉਡਾਣਾਂ ਵਿਚ ਬਹੁਤ ਜ਼ਿਆਦਾ ਦੇਰ ਅਤੇ ਯਾਤਰੀਆਂ ਦੀ ਢੁਕਵੀਂ ਦੇਖਭਾਲ ਕਰਨ ਵਿਚ ਅਸਫਲ ਰਹਿਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਇਸ ਨੋਟਿਸ ‘ਚ 30 ਮਈ ਨੂੰ ਦਿੱਲੀ ਤੋਂ ਸਾਨ ਫਰਾਂਸਿਸਕੋ ਜਾਣ ਵਾਲੀ ਫਲਾਈਟ ਅਤੇ 24 ਮਈ ਨੂੰ ਮੁੰਬਈ ਤੋਂ ਸਾਨ ਫਰਾਂਸਿਸਕੋ ਜਾਣ ਵਾਲੀ ਫਲਾਈਟ ਦੇ ਸੰਚਾਲਨ ‘ਚ ਬੇਲੋੜੀ ਦੇਰੀ ਦਾ ਹਵਾਲਾ ਦਿੰਦੇ ਹੋਏ ਜਵਾਬ ਮੰਗਿਆ ਹੈ |