ਚੰਡੀਗੜ੍ਹ (ਗੁਰਜੀਤ ਬਿੱਲਾ)-ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਅੰਤਮ ਗੇੜ ਤਹਿਤ ਸ਼ਨੀਵਾਰ 7 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਸਮੇਤ 57 ਸੀਟਾਂ ‘ਤੇ ਵੋਟਾਂ ਪੈਣਗੀਆਂ | ਪੰਜਾਬ ਦੀਆਂ 13, ਹਿਮਾਚਲ ਦੀਆਂ ਚਾਰ, ਯੂ ਪੀ ਦੀਆਂ 13, ਪੱਛਮੀ ਬੰਗਾਲ ਦੀਆਂ ਨੌਂ, ਬਿਹਾਰ ਦੀਆਂ ਅੱਠ, ਓਡੀਸ਼ਾ ਦੀਆਂ ਛੇ ਅਤੇ ਝਾਰਖੰਡ ਦੀਆਂ ਤਿੰਨ ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ | ਹਿਮਾਚਲ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਵੀ ਪਹਿਲੀ ਜੂਨ ਨੂੰ ਹੋਵੇਗੀ | 28 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਲੀਆਂ 486 ਸੀਟਾਂ ‘ਤੇ ਵੋਟਿੰਗ ਪਹਿਲਾਂ ਹੀ ਹੋ ਚੁੱਕੀ ਹੈ | ਪਹਿਲੇ ਛੇ ਗੇੜਾਂ ‘ਚ ਵੋਟਿੰਗ ਫੀਸਦ 66.14, 66.71, 65.68, 69.16, 62.2 ਅਤੇ 63.36 ਫੀਸਦ ਰਹੀ |
ਪੰਜਾਬ ਵਿਚ ਇੰਡੀਆ ਗੱਠਜੋੜ ਦੀਆਂ ਭਾਈਵਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖਰੇ ਤੌਰ ‘ਤੇ ਚੋਣ ਲੜ ਰਹੀਆਂ ਹਨ ਅਤੇ 1996 ਤੋਂ ਬਾਅਦ ਪਹਿਲੀ ਵਾਰ ਭਾਜਪਾ ਅਤੇ ਅਕਾਲੀ ਦਲ ਆਪਣੇ ਦਮ ‘ਤੇ ਲੋਕ ਸਭਾ ਚੋਣਾਂ ਲੜ ਰਹੇ ਹਨ | ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਅਤੇ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ |
ਚੋਣ ਅਧਿਕਾਰੀਆਂ ਮੁਤਾਬਕ 13 ਲੋਕ ਸਭਾ ਸੀਟਾਂ ਲਈ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ | ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ | 2.14 ਕਰੋੜ ਤੋਂ ਵੱਧ ਵੋਟਰ ਹਨ | ਪੰਜਾਬ ‘ਚ 26 ਔਰਤਾਂ ਸਮੇਤ 328 ਉਮੀਦਵਾਰ ਹਨ, ਜਦਕਿ ਚੰਡੀਗੜ੍ਹ ‘ਚ ਦੋ ਔਰਤਾਂ ਸਮੇਤ 19 ਉਮੀਦਵਾਰ ਚੋਣ ਲੜ ਰਹੇ ਹਨ | ਚੰਡੀਗੜ੍ਹ ‘ਚ ਭਾਜਪਾ ਉਮੀਦਵਾਰ ਸੰਜੈ ਟੰਡਨ ਦਾ ਮੁਕਾਬਲਾ ਆਪ ਦੀ ਹਮਾਇਤ ਹਾਸਲ ਕਾਂਗਰਸ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨਾਲ ਹੈ |
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੂਬੇ ‘ਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ‘ਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ ਡਬਲਿਊ ਡੀ (ਦਿਵਿਆਂਗ) ਅਤੇ 1614 ਐਨ ਆਰ ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ¢ ਸੂਬੇ ‘ਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ¢