27.9 C
Jalandhar
Sunday, September 8, 2024
spot_img

ਦਾਅਵੇ, ਹਕੀਕਤ ਤੇ ਸੰਸੇ

ਲੋਕ ਸਭਾ ਚੋਣਾਂ ਦੇ ਅੰਤਮ ਗੇੜ ਦੀਆਂ 57 ਸੀਟਾਂ ਉੱਤੇ ਵੋਟਾਂ ਪੈਣ ਦਾ ਅਮਲ ਅੱਜ ਮੁਕੰਮਲ ਹੋ ਜਾਵੇਗਾ | ਨਤੀਜੇ ਭਾਵੇਂ 4 ਜੂਨ ਨੂੰ ਆਉਣੇ ਹਨ, ਪਰ ਹੁਣ ਤੋਂ ਹੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ | ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਭਾਵੇਂ 200 ਸੀਟਾਂ ਹੀ ਜਿੱਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ | ਦੂਜੇ ਪਾਸੇ ਇੰਡੀਆ ਗੱਠਜੋੜ ਦੇ ਆਗੂ ਕਹਿ ਰਹੇ ਹਨ ਕਿ ਜੇ ਐਨ ਡੀ ਏ 272 ਤੱਕ ਨਹੀਂ ਪੁੱਜਦਾ ਤਾਂ ਕਿਸੇ ਵੀ ਹਾਲਤ ਵਿੱਚ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਨਹੀਂ ਚੁੱਕਣ ਦੇਣਗੇ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾਣ ਦੇ ਵਿਸ਼ਵਾਸ ਦਾ ਦਾਅਵਾ ਕਰ ਰਹੇ ਹਨ, ਪਰ ਚੋਣ ਪ੍ਰਚਾਰ ਦੌਰਾਨ ਉਨ੍ਹਾ ਦੇ ਬੌਖਲਾਹਟ ਵਿੱਚ ਦਿੱਤੇ ਬਿਆਨ ਇਸ ਨਾਲ ਮੇਲ ਨਹੀਂ ਖਾਂਦੇ | ਪ੍ਰਧਾਨ ਮੰਤਰੀ ਟੀ ਵੀ ਚੈਨਲਾਂ ਵਿੱਚ ਦਿੱਤੇ ਇੰਟਰਵਿਊਜ਼ ਵਿੱਚ ਵੀ ਇਹ ਵਾਰ-ਵਾਰ ਕਹਿੰਦੇ ਰਹੇ ਹਨ ਕਿ ਉਹ ਤੀਜੀ ਵਾਰ ਮੁੜ ਪ੍ਰਧਾਨ ਮੰਤਰੀ ਬਣਨਗੇ | ਉਨ੍ਹਾ ਦੇ ਦਾਅਵਿਆਂ ਨੇ ਲੋਕਾਂ ਵਿੱਚ ਇਹ ਸ਼ੱਕ ਪੈਦਾ ਕੀਤਾ ਹੈ ਕਿ ਵੋਟਿੰਗ ਮਸ਼ੀਨਾਂ ਰਾਹੀਂ ਧਾਂਦਲੀ ਹੋ ਸਕਦੀ ਹੈ, ਕਿਉਂਕਿ ਜ਼ਮੀਨੀ ਹਾਲਤ ਭਾਜਪਾ ਦੀ ਜਿੱਤ ਦੇ ਅਨੁਕੂਲ ਨਹੀਂ ਹਨ |
ਪ੍ਰਧਾਨ ਮੰਤਰੀ ਦੇ ਜਿੱਤ ਜਾਣ ਦੇ ਦਾਅਵੇ ਦੀ ਪੁਸ਼ਟੀ ਵਿੱਚ ਗੋਦੀ ਮੀਡੀਆ ਲਗਾਤਾਰ ਖਫਾਖੋ ਹੋ ਰਿਹਾ ਹੈ | ਇਸ ਧਾਰਨਾ ਨੂੰ ਅੱਗੇ ਵਧਾਉਣ ਲਈ ਪਿਛਲੇ ਕੁਝ ਦਿਨਾਂ ਦੌਰਾਨ ਹੀ ਮੋਦੀ ਵੱਖ-ਵੱਖ ਟੀ ਵੀ ਚੈਨਲਾਂ ਨੂੰ 70 ਇੰਟਰਵਿਊਜ਼ ਦੇ ਚੁੱਕੇ ਹਨ | ਟੀ ਵੀ ਚੈਨਲਾਂ ਉੱਤੇ ਦਿਨ-ਰਾਤ ਚੱਲਣ ਵਾਲੀਆਂ ਬਹਿਸਾਂ ਦਾ ਕੇਂਦਰ ਬਿੰਦੂ ਇੱਕੋ ਹੈ ਕਿ ਕੀ ਐਨ ਡੀ ਏ 400 ਸੀਟਾਂ ਤੋਂ ਪਾਰ ਜਾਵੇਗੀ ਜਾਂ ਨਹੀਂ | ਇੱਕ ਚੈਨਲ ਦੇ ਮਾਲਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਜਪਾ ਜੇਕਰ ਖਰਾਬ ਹਾਲਤ ਵਿੱਚ 200 ਸੀਟਾਂ ‘ਤੇ ਸਿਮਟ ਜਾਂਦੀ ਹੈ ਤਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਣਨਗੇ |
ਪ੍ਰਧਾਨ ਮੰਤਰੀ ਤੇ ਸਾਰੇ ਗੋਦੀ ਮੀਡੀਆ ਚੈਨਲਾਂ ਦੇ ਦਾਅਵਿਆਂ ਦੇ ਉਲਟ ਕਾਂਗਰਸ ਪ੍ਰਧਾਨ ਖੜਗੇ ਤੇ ਰਾਹੁਲ ਗਾਂਧੀ ਚੋਣ ਰੈਲੀਆਂ ਵਿੱਚ ਜ਼ੋਰ-ਸ਼ੋਰ ਨਾਲ ਕਹਿੰਦੇ ਰਹੇ ਹਨ ਕਿ ਅਗਲੀ ਸਰਕਾਰ ਇੰਡੀਆ ਗੱਠਜੋੜ ਦੀ ਹੀ ਬਣੇਗੀ | ਪਹਿਲਾਂ ਰਾਹੁਲ ਨੇ ਭਾਜਪਾ ਦੇ 180 ਸੀਟਾਂ ਤੇ ਮੁੜ 150 ਤੱਕ ਸਿਮਟ ਜਾਣ ਦਾ ਐਲਾਨ ਕੀਤਾ ਸੀ | ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਦਾਅਵਾ ਕਰਦੇ ਹਨ ਕਿ ਇੰਡੀਆ ਗੱਠਜੋੜ ਨੂੰ 350 ਸੀਟਾਂ ਮਿਲਣਗੀਆਂ | ਕਾਂਗਰਸ ਪੂਰੇ ਚੋਣ ਪ੍ਰਚਾਰ ਦੌਰਾਨ ਭਾਜਪਾ ਉੱਤੇ ਹਾਵੀ ਰਹੀ ਹੈ | ਇੰਡੀਆ ਦੇ ਬਾਕੀ ਭਾਈਵਾਲ ਵੀ ਪੂਰੀ ਤਰ੍ਹਾਂ ਭਾਜਪਾ ਉੱਤੇ ਹਮਲਾਵਰ ਰਹੇ ਹਨ |
ਇੰਡੀਆ ਦੀ ਏਕਤਾ ਨੂੰ ਦਿਖਾਉਣ ਲਈ ਗੱਠਜੋੜ ਦੀ ਅੱਜ ਮੀਟਿੰਗ ਹੋ ਰਹੀ ਹੈ | ਮਮਤਾ ਨੇ ਸਮੁੰਦਰੀ ਤੂਫ਼ਾਨ ਤੇ ਆਖਰੀ ਗੇੜ ਦੀਆਂ ਵੋਟਾਂ ਕਾਰਨ ਆਉਣ ਤੋਂ ਅਸਮਰਥਤਾ ਪ੍ਰਗਟ ਕੀਤੀ ਹੈ, ਪਰ ਬਾਕੀ ਸਾਰਿਆਂ ਨੇ ਆਉਣ ਦੀ ਹਾਮੀ ਭਰੀ ਹੈ | ਮੀਟਿੰਗ ਦਾ ਸਾਰਾ ਫੋਕਸ ਇਸ ਗੱਲ ‘ਤੇ ਹੋਵੇਗਾ ਕਿ ਜੇਕਰ ਐਨ ਡੀ ਏ ਬਹੁਮਤ ਤੱਕ ਨਹੀਂ ਪੁੱਜਦਾ ਤਦ ਦੋਹਾਂ ਗੱਠਜੋੜਾਂ ਤੋਂ ਬਾਹਰਲੇ ਦਲਾਂ ਨੂੰ ਭਾਜਪਾ ਵੱਲ ਜਾਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ |
ਛੇਵੇਂ ਗੇੜ ਤੋਂ ਬਾਅਦ ਇਹ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਸਨ ਕਿ ਮੋਦੀ ਚੋਣ ਹਾਰਨ ਤੋਂ ਬਾਅਦ ਵੀ ਸੌਖੀ ਤਰ੍ਹਾਂ ਗੱਦੀ ਨਹੀਂ ਛੱਡਣਗੇ | ਥਲ ਸੈਨਾ ਦੇ ਮੁਖੀ ਦੇ ਕਾਰਜਕਾਲ ਨੂੰ ਵਧਾਉਣ, ਸੰਸਦ ਦੀ ਸੁਰੱਖਿਆ ਏਜੰਸੀ ਬਦਲਣ ਤੇ ਨੌਕਰਸ਼ਾਹਾਂ ਦੇ ਵੱਡੀ ਪੱਧਰ ‘ਤੇ ਤਬਾਦਲਿਆਂ ਨੇ ਇਨ੍ਹਾਂ ਖਦਸ਼ਿਆਂ ਨੂੰ ਤਕੜਾ ਕੀਤਾ ਹੈ | ਨਾਗਰਿਕ ਸੰਸਥਾਵਾਂ ਨੇ ਅਜਿਹੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸੜਕਾਂ ਉਤੇ ਉਤਰਨ ਦਾ ਫ਼ੈਸਲਾ ਕੀਤਾ ਹੈ | ਆਸ ਹੈ ਕਿ ਇੰਡੀਆ ਗੱਠਜੋੜ ਦੀ ਮੀਟਿੰਗ ਵਿੱਚ ਵੀ ਅਜਿਹੀ ਹਾਲਤ ਬਣ ਜਾਣ ‘ਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਕੀਤੀ ਜਾਵੇਗੀ |

Related Articles

LEAVE A REPLY

Please enter your comment!
Please enter your name here

Latest Articles