ਜੌਹਨਸਬਰਗ : ਅਫਰੀਕਨ ਨੈਸ਼ਨਲ ਕਾਂਗਰਸ (ਏ ਐੱਨ ਸੀ) ਦੱਖਣੀ ਅਫਰੀਕਾ ਦੇ ਇਤਿਹਾਸਕ ਚੋਣ ਨਤੀਜਿਆਂ ਵਿਚ ਪਹਿਲੀ ਵਾਰ ਆਪਣਾ ਸੰਸਦੀ ਬਹੁਮਤ ਗੁਆ ਬੈਠੀ। ਇਸ ਪਾਰਟੀ ਨੇ 30 ਸਾਲ ਪਹਿਲਾਂ ਗੋਰੇ ਘੱਟ ਗਿਣਤੀ ਸ਼ਾਸਨ ਦੇ ਖਾਤਮੇ ਤੋਂ ਬਾਅਦ ਸੱਤਾ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਪਹਿਲੀ ਵਾਰ ਪਛੜੀ ਹੈ। ਲਗਭਗ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਏ ਐੱਨ ਸੀ ਨੂੰ ਸਿਰਫ 40 ਫੀਸਦੀ ਤੋਂ ਕੁਝ ਵੱਧ ਵੋਟ ਪ੍ਰਾਪਤ ਹੋਏ ਹਨ। ਚੋਣ ਕਮਿਸ਼ਨ ਨੇ ਅੰਤਮ ਨਤੀਜਿਆਂ ਦਾ ਹਾਲੇ ਰਸਮੀ ਐਲਾਨ ਕਰਨਾ ਹੈ।
ਬਸਪਾ ਉਮੀਦਵਾਰ ਖਿਲਾਫ ਕੇਸ
ਫਿਰੋਜ਼ਪੁਰ (ਅਸ਼ੋਕ ਸਰਮਾ)-ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੇ ਵਿਰੁੱਧ ਗੁਰੂ ਹਰਸਹਾਏ ਪੁਲਸ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਵੋਟ ਪਾਉਣ ਸਮੇਂ ਵੀਡੀਓਗ੍ਰਾਫੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀ ਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾ ਦੇ ਧਿਆਨ ’ਚ ਆਇਆ ਕਿ ਫਿਰੋਜ਼ਪੁਰ ਹਲਕੇ ਤੋਂ ਬਸਪਾ ਦੀ ਟਿਕਟ ’ਤੇ ਚੋਣ ਲੜ ਰਹੇ ਸੁਰਿੰਦਰ ਕੰਬੋਜ ਨੇ ਵੋਟ ਪਾਉਣ ਵੇਲੇ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ।
ਜਹਾਜ਼ ਦਾ ਹੰਗਾਮੀ ਉਤਾਰਾ
ਮੁੰਬਈ : ਬੰਬ ਨਾਲ ਉਡਾਉਣ ਦੀ ਧਮਕੀ ਬਾਅਦ 172 ਵਿਅਕਤੀਆਂ ਨਾਲ ਚੇਨਈ ਤੋਂ ਮੁੰਬਈ ਜਾ ਰਿਹਾ ਇੰਡੀਗੋ ਦਾ ਜਹਾਜ਼ ਸ਼ਨੀਵਾਰ ਇਥੇ ਹੰਗਾਮੀ ਹਾਲਤ ’ਚ ਉਤਾਰਨਾ ਪਿਆ। ਜਹਾਜ਼ ਸਵੇਰੇ 8.45 ਵਜੇ ਦੇ ਕਰੀਬ ਉਤਰਿਆ ਅਤੇ ਯਾਤਰੀਆਂ ਨੂੰ ਸਟੈੱਪ ਲੈਡਰ ਦੀ ਮਦਦ ਨਾਲ ਉਤਾਰਿਆ ਗਿਆ। 28 ਮਈ ਨੂੰ ਵੀ ਦਿੱਲੀ ਤੋਂ ਇੰਡੀਗੋ ਦੀ ਵਾਰਾਨਸੀ ਉਡਾਣ ਨੂੰ ਬੰਬ ਦੀ ਧਮਕੀ ਮਿਲੀ ਸੀ।