ਨਵੀਂ ਦਿੱਲੀ : ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਸ਼ਨੀਵਾਰ ਇੱਥੇ ਹੋਈ।
ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਇੰਡੀਆ ਦੀਆਂ ਘੱਟੋ-ਘੱਟ 295 ਸੀਟਾਂ ਆਉਣਗੀਆਂ। ਉਨ੍ਹਾ ਕਿਹਾ ਕਿ ਉਹ ਚੋਣ ਕਮਿਸ਼ਨ ਕੋਲ ਜਾਣਗੇ ਤੇ ਆਪਣੀਆਂ ਸ਼ਿਕਾਇਤਾਂ ਉਸ ਸਾਹਮਣੇ ਰੱਖਣਗੇ। ਇਸ ਲਈ ਗੱਠਜੋੜ ਨੇ ਐਤਵਾਰ ਦਾ ਸਮਾਂ ਮੰਗਿਆ ਹੈ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਨਾਲ ਸੰਬੰਧਤ ਰਣਨੀਤੀ ’ਤੇ ਚਰਚਾ ਕੀਤੀ ਗਈ। ਤਿ੍ਰਣਮੂਲ ਕਾਂਗਰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੇ ਨੁਮਾਇੰਦੇ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਖੜਗੇ ਦੇ ਨਿਵਾਸ 10 ਰਾਜਾਜੀ ਮਾਰਗ ’ਤੇ ਚੱਲੀ ਮੀਟਿੰਗ ’ਚ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਰਾਸਟਰਵਾਦੀ ਕਾਂਗਰਸ ਪਾਰਟੀ (ਸ਼ਰਦ) ਦੇ ਮੁਖੀ ਸ਼ਰਦ ਪਵਾਰ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਮੇਤ ਕਈ ਹੋਰ ਨੇਤਾ ਸ਼ਾਮਲ ਹੋਏ।
ਡੀ ਐੱਮ ਕੇ ਨੇਤਾ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਵੱਲੋਂ ਟੀ ਆਰ ਬਾਲੂ ਮੀਟਿੰਗ ’ਚ ਸ਼ਾਮਲ ਹੋਏ। ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਖੀ ਮੁਕੇਸ ਸਾਹਨੀ ਵੀ ਸ਼ਾਮਲ ਸਨ।
ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋਈ। ਚੰਡੀਗੜ੍ਹ ’ਚ 62.80 ਫੀਸਦੀ ਵੋਟਿੰਗ ਹੋਈ।
ਸ਼ਨੀਵਾਰ ਆਖਰੀ ਗੇੜ ’ਚ ਚੰਡੀਗੜ੍ਹ ਅਤੇ 7 ਰਾਜਾਂ ਦੀਆਂ 57 ਸੀਟਾਂ ’ਤੇ ਕਰੀਬ 58.34 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਪੰਜਾਬ ਤੇ ਚੰਡੀਗੜ੍ਹ ਤੋਂ ਇਲਾਵਾ ਹਿਮਾਚਲ ਦੀਆਂ ਚਾਰ, ਯੂ ਪੀ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ’ਤੇ ਵੋਟਿੰਗ ਹੋਈ। ਓਡੀਸ਼ਾ ਦੀਆਂ ਬਾਕੀ 42 ਵਿਧਾਨ ਸਭਾ ਸੀਟਾਂ ਲਈ ਅਤੇ ਹਿਮਾਚਲ ਦੀਆਂ ਛੇ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਵੀ ਨਾਲੋ-ਨਾਲ ਹੋਈਆਂ।





