ਕਿਸਾਨ ਜਥੇਬੰਦੀਆਂ ਵੱਲੋਂ ਕੰਗਣਾ ਖਿਲਾਫ ਐੱਫ ਆਈ ਆਰ ਦੀ ਮੰਗ

0
146

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਨੇ ਵੀਰਵਾਰ ਚੰਡੀਗੜ੍ਹ ਹਵਾਈ ਅੱਡੇ ‘ਤੇ ਕੰਗਣਾ ਰਣੌਤ ਨੂੰ ਕਥਿਤ ਤੌਰ ‘ਤੇ ਥੱਪੜ ਮਾਰਨ ਵਾਲੀ ਸੀ ਆਈ ਐੱਸ ਐੱਫ ਕਾਂਸਟੇਬਲ ਕੁਲਵਿੰਦਰ ਕੌਰ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੈ | ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੁੱਕਰਵਾਰ ਮੁਅੱਤਲ ਕਾਂਸਟੇਬਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਬਾਲੀਵੁੱਡ ਅਦਾਕਾਰਾ ਰਣੌਤ ਨੇ ਕੁਲਵਿੰਦਰ ਨੂੰ ‘ਖਾਲਿਸਤਾਨ ਕੌਰ’ ਕਿਹਾ ਸੀ | ਕੁਲਵਿੰਦਰ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਮਾਂ 2020 ਦੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਸੀ, ਜਦੋਂ ਅਭਿਨੇਤਰੀ ਨੇ ਟਿੱਪਣੀ ਕੀਤੀ ਸੀ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ‘ਚ ਕਿਰਾਏ ‘ਤੇ ਲਿਆ ਜਾ ਸਕਦਾ ਹੈ | ਜਥੇਬੰਦੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਢੁੱਕਵੀਂ ਜਾਂਚ ਦੀ ਮੰਗ ਕਰਨ ਲਈ ਪੰਜਾਬ ਦੇ ਡੀ ਜੀ ਪੀ ਨੂੰ ਮਿਲਣਗੀਆਂ | ਉਨ੍ਹਾਂ ਕਿਹਾ ਕਿ ਕੁਲਵਿੰਦਰ ਨੂੰ ਇਨਸਾਫ ਦਿਵਾਉਣ ਲਈ 9 ਜੂਨ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਐੱਸ ਐੱਸ ਪੀ ਮੁਹਾਲੀ ਦੇ ਦਫਤਰ ਤੱਕ ਇਨਸਾਫ ਮਾਰਚ ਕੱਢਿਆ ਜਾਵੇਗਾ | ਆਗੂਆਂ ਨੇ ਚੰਡੀਗੜ੍ਹ ਹਵਾਈ ਅੱਡੇ ਦੀ ਘਟਨਾ ਤੋਂ ਬਾਅਦ ਕੰਗਣਾ ਰਣੌਤ ਵੱਲੋਂ ਵਰਤੇ ਗਏ ਸ਼ਬਦਾਂ ‘ਤੇ ਵੀ ਇਤਰਾਜ਼ ਜਤਾਇਆ | ਪੰਜਾਬ ਦੇ ਲੋਕਾਂ ਨੂੰ ਵੱਖਵਾਦੀ ਕਹਿਣ ‘ਤੇ ਉਨ੍ਹਾਂ ਅਭਿਨੇਤਰੀ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਬਜੀਤ ਸਿੰਘ ਪੰਧੇਰ ਨੇ ਦੱਸਿਆ ਕਿ ਕੁਲਵਿੰਦਰ ਦਾ ਭਰਾ ਉਨ੍ਹਾਂ ਦੀ ਜਥੇਬੰਦੀ ਦਾ ਹਿੱਸਾ ਸੀ ਅਤੇ ਕਿਸਾਨ ਅੰਦੋਲਨਾਂ ‘ਚ ਸਰਗਰਮ ਸੀ |

LEAVE A REPLY

Please enter your comment!
Please enter your name here