ਗੱਲ 8 ਅਗਸਤ 2013 ਦੀ ਹੈ | ਰਾਜ ਸਭਾ ਦੇ ਵਰਤਮਾਨ ਚੇਅਰਮੈਨ ਵੈਂਕਈਆ ਨਾਇਡੂ ਨੇ ਆਪੋਜ਼ੀਸ਼ਨ ਦਾ ਮੈਂਬਰ ਹੁੰਦਿਆਂ ਇਕ ਦਿਨ ਪਹਿਲਾਂ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ‘ਤੇ ਵੇਲੇ ਦੇ ਚੇਅਰਮੈਨ ਹਾਮਿਦ ਅਨਸਾਰੀ ਵੱਲੋਂ ਭਾਜਪਾ ਦੇ 20 ਤੇ ਤੇਲਗੂ ਦੇਸਮ ਦੇ 2 ਮੈਂਬਰਾਂ ਦੇ ਨਾਂਅ ਰਾਜ ਸਭਾ ਦੇ ਬੁਲੇਟਿਨ ਵਿਚ ਪੁਆ ਦੇਣ ‘ਤੇ ਕਰੜਾ ਪ੍ਰੋਟੈੱਸਟ ਕਰਦਿਆਂ ਕਿਹਾ ਸੀ ਕਿ ਇਹ ਤਾਂ ਮੈਂਬਰਾਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ, ਮੁੱਖ ਆਪੋਜ਼ੀਸ਼ਨ ਪਾਰਟੀ ਨਾਲ ਵਿਤਕਰਾ ਹੈ | ਨਾਇਡੂ ਨੇ ਆਪਣੇ 13 ਸਾਲ ਤੋਂ ਰਾਜ ਸਭਾ ਦਾ ਮੈਂਬਰ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਕਈ ਵਾਰ ਹੋਇਆ ਹੈ ਜਦੋਂ ਮੈਂਬਰ ਪ੍ਰੋਟੈੱਸਟ ਕਰਦਿਆਂ ਚੇਅਰਮੈਨ ਦੀ ਮੇਜ਼ ਤੱਕ ਪੁੱਜੇ, ਮੰਤਰੀਆਂ ਤੋਂ ਕਾਗਜ਼ ਖੋਹੇ ਤੇ ਪਾੜੇ, ਪਰ ਉਨ੍ਹਾਂ ਦੇ ਨਾਂਅ ਰਾਜ ਸਭਾ ਦੇ ਬੁਲੇਟਿਨ ਵਿਚ ਨਹੀਂ ਪਾਏ ਗਏ |
ਦਰਅਸਲ 7 ਅਗਸਤ 2013 ਨੂੰ ਵਰਤਮਾਨ ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਸਿਮਰਤੀ ਈਰਾਨੀ ਸਣੇ ਕਈ ਭਾਜਪਾ ਮੈਂਬਰ ਵੇਲੇ ਦੇ ਰੱਖਿਆ ਮੰਤਰੀ ਏ ਕੇ ਐਨਟਨੀ ਦੇ ਇਸ ਬਿਆਨ ‘ਤੇ ਪ੍ਰੋਟੈੱਸਟ ਕਰਦਿਆਂ ਚੇਅਰਮੈਨ ਦੀ ਮੇਜ਼ ਤੱਕ ਪੁੱਜ ਗਏ ਸਨ ਕਿ ਲਾਈਨ ਆਫ ਕੰਟਰੋਲ ‘ਤੇ ਪੰਜ ਭਾਰਤੀ ਫੌਜੀਆਂ ਦੀ ਹੱਤਿਆ ਪਿੱਛੇ ਦਹਿਸ਼ਤਗਰਦਾਂ ਦਾ ਹੱਥ ਹੋ ਸਕਦਾ ਹੈ | ਭਾਜਪਾ ਮੈਂਬਰਾਂ ਦੀ ਦਲੀਲ ਸੀ ਕਿ ਐਨਟਨੀ ਅਜਿਹਾ ਕਹਿ ਕੇ ਪਾਕਿਸਤਾਨ ਨੂੰ ਬਖਸ਼ ਰਹੇ ਹਨ | 8 ਅਗਸਤ ਦੇ ਬੁਲੇਟਿਨ ਵਿਚ ਨਾ ਲੈ ਕੇ ਲਿਖਿਆ ਗਿਆ ਕਿ 22 ਮੈਂਬਰਾਂ ਨੇ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਜਾਣਬੁੱਝ ਕੇ ਕਾਰਵਾਈ ਵਿਚ ਵਿਘਨ ਪਾਇਆ | ਹਾਲਾਂਕਿ ਚੇਅਰਮੈਨ ਨੇ ਇਨ੍ਹਾਂ ਮੈਂਬਰਾਂ ਨੂੰ ਮੁਅੱਤਲ ਨਹੀਂ ਕੀਤਾ ਸੀ | ਜਦੋਂ ਆਪੋਜ਼ੀਸ਼ਨ ਦੇ ਆਗੂ ਅਰੁਣ ਜੇਤਲੀ ਨੇ ਫੈਸਲੇ ‘ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਤਾਂ ਬੁਲੇਟਿਨ ਵਿੱਚੋਂ ਮੈਂਬਰਾਂ ਦੇ ਨਾਂਅ ਡਿਲੀਟ ਕਰ ਦਿੱਤੇ ਗਏ |
ਲੰਘੇ ਵੀਰਵਾਰ ਕੀ ਹੋਇਆ? ਨਾਇਡੂ ਵੱਲੋਂ ਹੰਗਾਮੇ ਕਾਰਨ ਕਾਰਵਾਈ ਮੁਲਤਵੀ ਕਰਨ ਅਤੇ ਪ੍ਰੋਟੈੱਸਟ ਕਰਨ ਵਾਲਿਆਂ ਨੂੰ ਸਦਨ ਵਿੱਚੋਂ ਬਾਹਰ ਕਰਨ ਦੀ ਗੱਲ ਕਹਿਣ ਤੋਂ ਬਾਅਦ ਦੁਪਹਿਰੇ ਜਦ ਸਦਨ ਦੁਬਾਰਾ ਜੁੜਿਆ ਤਾਂ ਉਸ ਵੇਲੇ ਪ੍ਰਧਾਨਗੀ ਡਿਪਟੀ ਚੇਅਰਮੈਨ ਹਰੀਵੰਸ਼ ਕਰ ਰਹੇ ਸਨ | ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਮੁਰਲੀਧਰਨ ਨੇ ਤਿੰਨ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕਰ ਦਿੱਤਾ, ਜਿਹੜਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ | ਇਨ੍ਹਾਂ ਦੇ ਨਾਂ ਬੁਲੇਟਿਨ ਵਿਚ ਪਾ ਦਿੱਤੇ ਗਏ | ਨਾਇਡੂ ਮਾਨਸੂਨ ਅਜਲਾਸ ਵਿਚ ਹੁਣ ਤੱਕ 23 ਮੈਂਬਰਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਦੇ ਨਾਂਅ ਬੁਲੇਟਿਨ ਵਿਚ ਪੁਆ ਚੁੱਕੇ ਹਨ | ਕਿਸੇ ਮੈਂਬਰ ਨੂੰ ਕੁਝ ਸਮੇਂ ਲਈ ਸਦਨ ਵਿਚੋਂ ਬਾਹਰ ਕੱਢ ਦੇਣਾ ਜਾਂ ਮੁਅੱਤਲ ਕਰ ਦੇਣਾ ਤਾਂ ਚਲਦਾ ਆਇਆ ਹੈ, ਪਰ ਬੁਲੇਟਿਨ ਵਿਚ ਉਸ ਦਾ ਨਾਂਅ ਪਾਉਣਾ ਉਸ ਦਾ ਇਤਿਹਾਸ ਕਾਲਾ ਕਰਨ ਦੇ ਤੁਲ ਹੈ | ਆਪੋਜ਼ੀਸ਼ਨ ਵਿਚ ਹੁੰਦਿਆਂ ਇਸ ਦਾ ਵਿਰੋਧ ਕਰਨ ਵਾਲੇ ਨਾਇਡੂ ਆਪਣੇ ਇਸ ਅਧਿਕਾਰ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ, ਮੁੱਖ ਵਿਰੋਧੀ ਕਾਂਗਰਸ ਦੇ ਮੈਂਬਰਾਂ ਵਿਰੁੱਧ ਹੀ ਨਹੀਂ, ਸਗੋਂ ਸੀ ਪੀ ਆਈ ਤੇ ਮਾਰਕਸੀ ਪਾਰਟੀ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਖਿਲਾਫ ਵੀ |