ਸੱਚਾ ਸੇਵਕ ਹੰਕਾਰ ਨਹੀਂ ਕਰਦਾ : ਮੋਹਨ ਭਾਗਵਤ

0
124

ਨਾਗਪੁਰ : ਭਾਜਪਾ ਦਾ ‘ਪਿਓ’ ਸਮਝੇ ਜਾਂਦੇ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਲੰਘੇ ਸੋਮਵਾਰ ਇੱਥੇ ‘ਕਾਰਯਕਰਤਾ ਵਿਕਾਸ ਵਰਗ’ ਦੇ ਸਮਾਪਤੀ ਸਮਾਗਮ ’ਚ ਕਿਹਾਜੋ ਅਸਲ ਸੇਵਕ ਹੈ, ਜਿਸ ਨੂੰ ਅਸਲ ਸੇਵਕ ਕਿਹਾ ਜਾ ਸਕਦਾ ਹੈ, ਉਹ ਮਰਿਆਦਾ ਨਾਲ ਚਲਦਾ ਹੈ। ਉਸ ਮਰਿਆਦਾ ਦੀ ਪਾਲਣਾ ਕਰਕੇ ਜੋ ਚਲਦਾ ਹੈ, ਉਹ ਕਰਮ ਕਰਦਾ ਹੈ, ਪਰ ਕਰਮਾਂ ਵਿਚ ਲਿਪਤ ਨਹੀਂ ਹੁੰਦਾ। ਉਸ ’ਚ ਹੰਕਾਰ ਨਹੀਂ ਆਉਦਾ ਕਿ ਮੈਂ ਕੀਤਾ ਅਤੇ ਉਹੀ ਸੇਵਕ ਕਹਾਉਣ ਦਾ ਅਧਿਕਾਰੀ ਰਹਿੰਦਾ ਹੈ। ਭਾਗਵਤ ਦਾ ਇਹ ਬਿਆਨ ਇਸ ਸੰਦਰਭ ਵਿਚ ਅਹਿਮ ਹੈ ਕਿ ਹਾਲਾਂਕਿ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ, ਪਰ ਭਾਜਪਾ ਲੋਕ ਸਭਾ ਦੀਆਂ 543 ਵਿੱਚੋਂ 240 ਸੀਟਾਂ ਹੀ ਜਿੱਤ ਸਕੀ ਅਤੇ ਉਸ ਨੂੰ ਸਰਕਾਰ ਬਣਾਉਣ ਲਈ ਤੇਲਗੂ ਦੇਸਮ ਤੇ ਜਨਤਾ ਦਲ (ਯੂ) ਦਾ ਸਹਾਰਾ ਲੈਣਾ ਪਿਆ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਆਰ ਐੱਸ ਐੱਸ ’ਤੇ ਟੇਕ ਘਟਾਉਣ ਕਾਰਨ ਉਸ ਦੇ ਵਰਕਰਾਂ ਨੇ ਉਤਸ਼ਾਹ ਨਹੀਂ ਦਿਖਾਇਆ ਤੇ ਭਾਜਪਾ ਬਹੁਮਤ ਹਾਸਲ ਕਰਨ ਤੋਂ ਖੁੰਝ ਗਈ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਭਾਜਪਾ ਹੁਣ ਤਕੜੀ ਹੋ ਗਈ ਹੈ ਤੇ ਆਰ ਐੱਸ ਐੱਸ ’ਤੇ ਬਹੁਤੀ ਨਿਰਭਰ ਨਹੀਂ ਰਹੀ। ਭਾਗਵਤ ਨੇ ਚੋਣਾਂ, ਸਿਆਸਤ ਤੇ ਸਿਆਸੀ ਪਾਰਟੀਆਂ ਦੇ ਰਵੱਈਏ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾ ਕਿਹਾ ਕਿ ਚੋਣਾਂ ਵਿਚ ਮੁਕਾਬਲਾ ਹੁੰਦਾ ਹੈ ਤੇ ਇਸ ਦੌਰਾਨ ਇਕ-ਦੂਜੇ ਨੂੰ ਪਿੱਛੇ ਧੱਕਿਆ ਜਾਂਦਾ ਹੈ, ਪਰ ਇਸ ਦੀ ਇਕ ਹੱਦ ਹੁੰਦੀ ਹੈ। ਇਹ ਮੁਕਾਬਲਾ ਝੂਠ ’ਤੇ ਅਧਾਰਤ ਨਹੀਂ ਹੋਣਾ ਚਾਹੀਦਾ।
ਭਾਗਵਤ ਨੇ ਮਨੀਪੁਰ ਦੀ ਸਥਿਤੀ ਬਾਰੇ ਕਿਹਾਮਨੀਪੁਰ ਇਕ ਸਾਲ ਤੋਂ ਅਮਨ ਦਾ ਰਾਹ ਦੇਖ ਰਿਹਾ ਹੈ। ਬੀਤੇ 10 ਸਾਲ ਤੋਂ ਉੱਥੇ ਅਮਨ ਸੀ, ਪਰ ਅਚਾਨਕ ਗਨ ਕਲਚਲ ਵਧ ਗਿਆ। ਜ਼ਰੂਰੀ ਹੈ ਕਿ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਸੁਲਝਾਇਆ ਜਾਵੇ।
ਭਾਗਵਤ ਨੇ ਕਿਹਾ ਕਿ ਨਵੀਂ ਸਰਕਾਰ ਬਣ ਗਈ ਹੈ। ਲੋਕ ਕਿਉ ਚੁਣੇ ਜਾਂਦੇ ਹਨਸੰਸਦ ਵਿਚ ਜਾਣ ਲਈ, ਵੱਖ-ਵੱਖ ਮੁੱਦਿਆਂ ’ਤੇ ਆਮ ਸਹਿਮਤੀ ਬਣਾਉਣ ਲਈ। ਸਾਡੀ ਪਰੰਪਰਾ ਆਮ ਸਹਿਮਤੀ ਬਣਾਉਣ ਦੀ ਹੈ। ਸੰਸਦ ਵਿਚ ਦੋ ਪੱਖ ਕਿਉਂ ਹੁੰਦੇ ਹਨ? ਤਾਂ ਕਿ ਕਿਸੇ ਵੀ ਮੁੱਦੇ ਦੇ ਦੋਹਾਂ ਪਾਸਿਆਂ ਨੂੰ ਸੁਣਿਆ ਜਾਵੇ। ਜਿਵੇਂ ਸਿੱਕੇ ਦੇ ਦੋ ਪਹਿਲੂ ਹੰੁਦੇ ਹਨ, ਉਜ ਹੀ ਹਰ ਮੁੱਦੇ ਦੇ ਦੋ ਪਹਿਲੂ ਹੁੰਦੇ ਹਨ। ਸੰਸਦ ਵਿਚ ਦੋ ਪੱਖ ਜ਼ਰੂਰੀ ਹਨ। ਦੇਸ਼ ਨੂੰ ਚਲਾਉਣ ਲਈ ਸਹਿਮਤੀ ਜ਼ਰੂਰੀ ਹੈ। ਵਿਪਕਸ਼ (ਆਪੋਜ਼ੀਸ਼ਨ) ਨੂੰ ਵਿਰੋਧੀ ਪਕਸ਼ ਦੀ ਥਾਂ ਪ੍ਰਤੀਪਕਸ਼ ਕਹਿਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਇਸ ਵਾਰ ਚੋਣਾਂ ਇਸ ਤਰ੍ਹਾਂ ਲੜੀਆਂ ਗਈਆਂ, ਜਿਵੇਂ ਯੁੱਧ ਲੜਿਆ ਜਾਂਦਾ ਹੈ। ਇਸ ਨਾਲ ਵੰਡ ਵਧੇਗੀ, ਸਮਾਜੀ ਤੇ ਮਾਨਸਕ ਦਰਾੜਾਂ ਵਧਣਗੀਆਂ।
ਉਨ੍ਹਾ ਕਿਹਾਚੋਣਾਂ ਵਿਚ ਗੈਰਜ਼ਰੂਰੀ ਤੌਰ ’ਤੇ ਆਰ ਐੱਸ ਐੱਸ ਵਰਗੇ ਸੰਗਠਨਾਂ ਨੂੰ ਸ਼ਾਮਲ ਕੀਤਾ ਗਿਆ। ਤਕਨੀਕ ਦੀ ਵਰਤੋਂ ਕਰਕੇ ਝੂਠ ਫੈਲਾਇਆ ਗਿਆ, ਸਰਾਸਰ ਝੂਠ। ਕੀ ਤਕਨੀਕ ਤੇ ਗਿਆਨ ਦਾ ਮਤਲਬ ਇਕ ਹੀ ਹੈ? ਰਿਗਵੇਦ ਦੇ ਰਿਸ਼ੀਆਂ ਨੂੰ ਮਨੁੱਖੀ ਮਨ ਦੀ ਸਮਝ ਸੀ, ਇਸ ਲਈ ਉਨ੍ਹਾਂ ਸਵੀਕਾਰ ਕੀਤਾ ਕਿ 100 ਫੀਸਦੀ ਲੋਕਾਂ ਦੀ ਰਾਇ ਇੱਕੋ ਜਿਹੀ ਨਹੀਂ ਹੋ ਸਕਦੀ, ਪਰ ਇਸ ਦੇ ਬਾਵਜੂਦ ਜਦ ਸਮਾਜ ਆਮ ਸਹਿਮਤੀ ਨਾਲ ਕੰਮ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਹ ਸਭ ਦੀ ਸਹਿਮਤੀ ਬਣ ਜਾਂਦੀ ਹੈ।
ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਉਹ ਭਾਗਵਤ ਦੇ ਮਨੀਪੁਰ ਬਾਰੇ ਬਿਆਨ ਦਾ ਸਵਾਗਤ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੀ ਐੱਨ ਏ ਨਹੀਂ ਕਿ ਉਹ ਆਪੋਜ਼ੀਸ਼ਨ ਦੀ ਸਲਾਹ ਸੁਣਨ, ਪਰ ਉਨ੍ਹਾ ਨੂੰ ਆਰ ਐੱਸ ਐੱਸ ਮੁਖੀ ਦੀ ਗੱਲ ਤਾਂ ਮੰਨ ਲੈਣੀ ਚਾਹੀਦੀ ਹੈ। ਰਾਜਦ ਆਗੂ ਤੇਜਸਵੀ ਯਾਦਵ ਤੇ ਕਾਂਗਰਸ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਭਾਗਵਤ ਦੀ ਮਨੀਪੁਰ ਬਾਰੇ ਟਿੱਪਣੀ ਲੇਟ ਆਈ ਹੈ ਅਤੇ ਉਮੀਦ ਨਹੀਂ ਕਿ ਪ੍ਰਧਾਨ ਮੰਤਰੀ ਉਸ ’ਤੇ ਧਿਆਨ ਧਰਨਗੇ। ਤੇਜਸਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾ ਸਿਰਫ ਮਨੀਪੁਰ, ਸਗੋਂ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਬਾਰੇ ਵੀ ਚੁੱਪ ਹੀ ਰਹੇ ਹਨ।

LEAVE A REPLY

Please enter your comment!
Please enter your name here