ਦੋਹਾ : ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਕਿਹਾ ਹੈ ਕਿ ਕਤਰ ਖਿਲਾਫ ਮੈਚ ’ਚ ਉਨ੍ਹਾਂ ਨਾਲ ਬੇਇਨਸਾਫੀ ਹੋਈ ਹੈ, ਜਿਸ ਕਾਰਨ ਟੀਮ ਦਾ ਵਿਸ਼ਵ ਕੱਪ ਕੁਆਲੀਫਾਇੰਗ ਦੇ ਤੀਜੇ ਗੇੜ ’ਚ ਪਹੁੰਚਣ ਦਾ ਸੁਫਨਾ ਟੁੱਟ ਗਿਆ। ਇਸ ਮੈਚ ’ਚ ਭਾਰਤ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 37ਵੇਂ ਮਿੰਟ ’ਚ ਲਾਲਿਆਨਜੁਆਲਾ ਚਾਂਗਟੇ ਦੇ ਗੋਲ ਦੀ ਬਦੌਲਤ ਨਿਰਧਾਰਤ ਸਮੇਂ ਤੋਂ 15 ਮਿੰਟ ਪਹਿਲਾਂ ਤੱਕ ਅੱਗੇ ਸੀ, ਪਰ ਦੱਖਣੀ ਕੋਰੀਆ ਦੇ ਰੈਫਰੀ ਨੇ ਕਤਰ ਦੇ ਗੋਲ ਨੂੰ ਜਾਇਜ਼ ਕਰਾਰ ਦਿੱਤਾ, ਹਾਲਾਂਕਿ ਅਜਿਹਾ ਲੱਗਦਾ ਸੀ ਕਿ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਹੋ ਗਈ ਸੀ। ਇਸ ਵਿਵਾਦਤ ਫੈਸਲੇ ਕਾਰਨ ਭਾਰਤ ਦੀ ਲੈਅ ਪ੍ਰਭਾਵਤ ਹੋਈ ਅਤੇ ਏਸ਼ੀਆਈ ਚੈਂਪੀਅਨ ਕਤਰ ਨੇ 85ਵੇਂ ਮਿੰਟ ’ਚ ਅਹਿਮਦ ਅਲ ਰਾਵੀ ਦੀ ਬਦੌਲਤ ਆਪਣਾ ਦੂਜਾ ਗੋਲ ਕਰ ਦਿੱਤਾ।




