ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਮੰਦਭਾਗੀ : ਸੀ ਪੀ ਆਈ

0
148

ਚੰਡੀਗੜ੍ਹ : ਚੰਡੀਗੜ੍ਹ ਏਅਰਪੋਰਟ ’ਤੇ ਕੰਗਣਾ ਰਣੌਤ ਦੇ ਸੀ ਆਈ ਐੱਸ ਐੱਫ ਦੀ ਸਿਪਾਹੀ ਵੱਲੋਂ ਥੱਪੜ ਮਾਰਨ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਪੰਜਾਬ ਸੀ ਪੀ ਆਈ ਨੇ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਘਟਨਾ ’ਤੇ ਪ੍ਰਤੀਕਰਮ ਕਰਦਿਆਂ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਭਾਵੇਂ ਇਕ ਚੁਣੀ ਹੋਈ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਅਖਬਾਰਾਂ ਵਿਚ ਛਪੀ ਜਾਣਕਾਰੀ ਅਨੁਸਾਰ ਮਾਣਯੋਗ ਐੱਮ ਪੀ ਦਾ ਰਵੱਈਆ ਵੀ ਡਿਊਟੀ ਦੇ ਰਹੇ ਕਰਮਚਾਰੀਆਂ ਵਿਸ਼ੇਸ਼ ਕਰਕੇ ਮਹਿਲਾ ਪੁਲਸਮੈਨ ਕੁਲਵਿੰਦਰ ਕੌਰ ਵੱਲ ਨਿਰਾਦਰੀ ਭਰਿਆ ਤੇ ਭੜਕਾਊ ਸੀ। ਐੱਮ ਪੀ ਨੇ ਮੋਬਾਇਲ ਤੇ ਪਰਸ ਨੂੰ ਜਾਂਚ ਮਸ਼ੀਨ ਵਿਚੋਂ ਲੰਘਾਉਣ ਤੋਂ ਮਨ੍ਹਾ ਕਰਨ ਅਤੇ ਕੁਲਵਿੰਦਰ ਕੌਰ ਦਾ ਨਾਂਅ ਪੜ੍ਹ ਕੇ ‘ਖਾਲਿਸਤਾਨੀ’ ਵਰਗੀ ਸ਼ਬਦਾਵਲੀ ਵਰਤਣ ਤੇ ਸਮੁੱਚੇ ਪੰਜਾਬ ਨੂੰ ਹੀ ਖਾਲਿਸਤਾਨੀ ਕਹਿਣ ਦੀ ਅੱਤ ਦੀ ਭੜਕਾਹਟ ਭਰੀ ਕਾਰਵਾਈ ਵੀ ਨਿੰਦਣਯੋਗ ਹੈ। ਉਂਜ ਵੀ ਐੱਮ ਪੀ ਪਹਿਲਾਂ ਵੀ ਆਪਣੀ ਘਟੀਆ, ਫਿਰਕੂ ਅਤੇ ਭੜਕਾਊ ਬਿਆਨਬਾਜ਼ੀ ਕਰਕੇ ਜਾਣੀ ਜਾਂਦੀ ਹੈ, ਜਿਸ ਨੇ ਪ੍ਰਸਿੱਧ ਕਿਸਾਨ ਅੰਦੋਲਨ ਸਮੇਂ ਵੀ ਅੰਦੋਲਨ ਵਿਰੁੱਧ ਭੜਾਸ ਕੱਢਦਿਆਂ ਕਿਹਾ ਸੀ ਕਿ 100-100 ਰੁਪਏ ਦੀ ਦਿਹਾੜੀ ’ਤੇ ਔਰਤਾਂ ਲਿਆਂਦੀਆਂ ਗਈਆਂ ਹਨ। ਭਾਰਤ ਸਰਕਾਰ ਤੇ ਵਿਸ਼ੇਸ਼ ਤੌਰ ’ਤੇ ਭਾਜਪਾ ਨੂੰ ਇਸ ਬਦਲੇ ਹੋਏ ਮਹੌਲ ਵਿਚ ਅਜਿਹੇ ਬੇਮੁਹਾਰੇ ਸਾਂਸਦਾਂ ਨੂੰ ਲਗਾਮ ਦੇਣ ਦੀ ਜ਼ਰੂਰਤ ਹੈ।
ਸਾਥੀ ਬਰਾੜ ਨੇ ਕਿਹਾ ਕਿ ਸੀ ਪੀ ਆਈ ਸਮੁੱਚੇ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਇਸ ਘਟਨਾ ਨੂੰ ਤੂਲ ਨਾ ਦਿੱਤਾ ਜਾਵੇ ਅਤੇ ਉਹ ਸ਼ਕਤੀਆਂ, ਜਿਹੜੀਆਂ ਚਿਰਾਂ ਤੋਂ ਪੰਜਾਬ ਦੇ ਸ਼ਾਂਤ ਮਹੌਲ ਨੂੰ ਖਰਾਬ ਕਰਕੇ ਧਰੁਵੀਕਰਨ ਦੀ ਸਾਜ਼ਿਸ਼ ਵਿਚ ਲੱਗੀਆਂ ਹਨ, ਉਹਨਾਂ ਦੇ ਹੱਥਾਂ ਵਿਚ ਨਾ ਖੇਡਿਆ ਜਾਵੇ। ਹਜ਼ਾਰਾਂ ਕੁਰਬਾਨੀਆਂ ਦੇ ਕੇ ਕਾਇਮ ਕੀਤੇ ਅਮਨ-ਅਮਾਨ ਨੂੰ ਭੰਗ ਕਰਨ ਲਈ ਅੰਦਰੋਂ ਅਤੇ ਬਾਹਰੋਂ ਅਨੇਕਾਂ ਏਜੰਸੀਆਂ ਸਰਗਰਮ ਹਨ, ਜਿਹਨਾਂ ਵਿਰੁੱਧ ਸਮੁੱਚੇ ਪੰਜਾਬੀਆਂ ਨੂੰ ਇਕ ਵਿਸ਼ਾਲ ਏਕਤਾ ਬਣਾ ਕੇ ਲੜਨ ਦੀ ਇਤਿਹਾਸਕ ਜ਼ਰੂਰਤ ਬਣ ਗਈ ਹੈ।

LEAVE A REPLY

Please enter your comment!
Please enter your name here