ਗੁਜਰਾਤੀ ਤੇ ਰਾਜਸਥਾਨੀ ਚਲੇ ਜਾਣ ਤਾਂ ਮੁੰਬਈ ਹੋ ਜਾਏਗਾ ਕੰਗਾਲ : ਕੋਸ਼ਿਆਰੀ
ਮੁੰਬਈ : ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਇੱਕ ਬਿਆਨ ਨੂੰ ਲੈ ਕੇ ਮੁੰਬਈ ‘ਚ ਮਰਾਠੀਆਂ ‘ਚ ਗੁੱਸਾ ਦੇਖਿਆ ਜਾ ਰਿਹਾ ਹੈ | ਇੱਕ ਸਮਾਰੋਹ ‘ਚ ਰਾਜਪਾਲ ਨੇ ਕਿਹਾ ਕਿ ਮੁੰਬਈ ਅਤੇ ਠਾਣੇ ਤੋਂ ਜੇਕਰ ਗੁਜਰਾਤੀ ਅਤੇ ਰਾਜਸਥਾਨੀਆਂ ਨੂੰ ਕੱਢ ਦਿੱਤਾ ਜਾਵੇ ਤਾਂ ਇੱਥੇ ਪੈਸਾ ਬਚੇਗਾ ਹੀ ਨਹੀਂ | ਇਹ ਰਾਜਥਾਨੀ, ਜੋ ਆਰਥਕ ਰਾਜਧਾਨੀ ਕਹਾਉਂਦੀ ਹੈ, ਉਹ ਕਹਾਏਗੀ ਹੀ ਨਹੀਂ | ਰਾਜਪਾਲ ਨੇ ਇੱਕ ਸਮਾਰੋਹ ‘ਚ ਕਿਹਾ ਕਿ ਕਦੀ-ਕਦੀ ਮੈਂ ਇੱਥੇ ਲੋਕਾਂ ਨੂੰ ਕਹਿੰਦਾ ਹਾਂ ਕਿ ਮਹਾਰਾਸ਼ਟਰ ‘ਚ ਵਿਸ਼ੇਸ਼ ਕਰਕੇ ਮੁੰਬਈ, ਠਾਣੇ ‘ਚ ਰਾਜਸਥਾਨੀ ਹਨ, ਜੇਕਰ ਇਹ ਚਲੇ ਜਾਣ ਤਾਂ ਉਦੋਂ ਇਹ ਆਰਥਕ ਰਾਜਧਾਨੀ ਕਹਾਏਗੀ ਹੀ ਨਹੀਂ | ਰਾਜਪਾਲ ਦੇ ਬਿਆਨ ‘ਤੇ ਸ਼ਿਵ ਸੈਨਾ ਨੇਤਾ ਸੰਜੈ ਰਾਉਤ ਨੇ ਕਿਹਾ—ਰਾਜਪਾਲ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ, ਉਹ ਨਿੰਦਣਯੋਗ ਹੈ | ਮਹਾਰਾਸ਼ਟਰ ਦੀ ਜਨਤਾ ਨੇ ਮੁੰਬਈ ਲਈ ਖੂਨ-ਪਸੀਨਾ ਵਹਾਇਆ ਹੈ | ਹਰ ਚੀਜ਼ ਪੈਸੇ ਨਾਲ ਨਹੀਂ ਤੋਲੀ ਜਾਂਦੀ | ਰਾਉਤ ਨੇ ਕਿਹਾ ਕਿ ਭਾਜਪਾ ਅਤੇ ਮੁੱਖ ਮੰਤਰੀ ਇਸ ਤਰ੍ਹਾਂ ਦੇ ਬਿਆਨਾਂ ਲਈ ਉਨ੍ਹਾ ਦੀ ਨਿੰਦਾ ਕਰਨ | ਕੇਂਦਰ ਸਰਕਾਰ ਨੂੰ ਉਨ੍ਹਾ ਨੂੰ ਤੁਰੰਤ ਬੁਲਾਉਣਾ ਚਾਹੀਦਾ ਹੈ | ਉਹ ਲਗਾਤਾਰ ਵਿਵਾਦਤ ਬਿਆਨ ਦਿੰਦੇ ਆ ਰਹੇ ਹਨ | ਏਕਨਾਥ ਸ਼ਿੰਦੇ ਨੇ ਕਿਹਾ, ਰਾਜਪਾਲ ਦੇ ਵਿਚਾਰ ਨਿੱਜੀ ਹਨ | ਅਸੀਂ ਉਸ ਦਾ ਸਮਰਥਨ ਨਹੀਂ ਕਰਦੇ | ਰਾਜਪਾਲ ਦਾ ਅਹੁਦਾ ਇੱਕ ਸੰਵਿਧਾਨਿਕ ਅਹੁਦਾ ਹੈ | ਉਨ੍ਹਾ ਨੂੰ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਬੋਲਣਾ ਚਾਹੀਦਾ | ਅਸੀਂ ਮੁੰਬਈ ਲਈ ਮਰਾਠੀ ਲੋਕਾਂ ਦੇ ਯੋਗਦਾਨ ਨੂੰ ਕਦੀ ਨਹੀਂ ਭੁੱਲ ਸਕਦੇ |