ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਸੁਚੇਤ ਕੀਤਾ ਕਿ ਉਹ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ। ਭੁੱਲਰ ਨੇ ਦੱਸਿਆ ਕਿ ਉਨ੍ਹਾ ਨੂੰ ਸੂਬੇ ’ਚ ਵੱਖ-ਵੱਖ ਥਾਵਾਂ ਦੇ ਦੌਰਿਆ ਦੌਰਾਨ ਅਤੇ ਦਫ਼ਤਰੀ ਫ਼ੋਨ ’ਤੇ ਈ-ਮੇਲ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੰਜਾਬ ਰੋਡਵੇਜ਼, ਪੀ ਆਰ ਟੀ ਸੀ ਅਤੇ ਪ੍ਰਾਈਵੇਟ ਬੱਸ ਅਪ੍ਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਸਵਾਰੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਕਈ ਵਾਰ ਤਾਂ ਸਵਾਰੀਆਂ ਨਾਲ ਝਗੜਾ ਵੀ ਕੀਤਾ ਜਾਂਦਾ ਹੈ, ਜਿਸ ਸਬੰਧੀ ਆਏ ਦਿਨ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ। ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਵੱਲੋਂ ਕਈ ਸਟਾਪਜ਼ ’ਤੇ ਬੱਸਾਂ ਵੀ ਨਹੀਂ ਰੋਕੀਆਂ ਜਾਂਦੀਆਂ ਅਤੇ ਸਵਾਰੀਆਂ ਨੂੰ ਬਣਦੇ ਸਟਾਪਜ਼ ਤੋਂ ਅੱਗੇ ਜਾਂ ਪਿੱਛੇ ਉਤਾਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਭੁੱਲਰ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰੰਤਰ ਚੈਕਿੰਗ ਵਧਾਉਣ ਅਤੇ ਵਿਭਾਗੀ ਪੱਧਰ ’ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ/ ਕੰਡਕਟਰਾਂ ਨੂੰ ਤੁਰੰਤ ਖੇਤਰੀ ਦਫ਼ਤਰਾਂ ਰਾਹੀਂ ਸਵਾਰੀਆਂ ਨਾਲ ਉਚਿਤ ਵਿਹਾਰ ਕਰਨਾ ਯਕੀਨੀ ਬਣਾਉਣ। ਉਨ੍ਹਾ ਨਿਰਦੇਸ਼ ਦਿੱਤੇ ਕਿ ਡਰਾਈਵਰਾਂ ਤੇ ਕੰਡਕਟਰਾਂ ਨੂੰ ਨਿਰਧਾਰਤ ਬੱਸ ਸਟਾਪਜ਼ ’ਤੇ ਉਚਿਤ ਢੰਗ ਨਾਲ ਸਵਾਰੀਆਂ ਉਤਾਰਨ ਅਤੇ ਚੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਨਾਲ ਹੀ ਇਸ ਅਮਲ ਦੀ ਪੈਰਵੀ ਰੱਖਣੀ ਯਕੀਨੀ ਬਣਾਈ ਜਾਵੇ।
ਉਹਨਾ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਬੱਸ ਅਪ੍ਰੇਟਰਾਂ ਦੇ ਮਾਲਕਾਂ, ਉਨ੍ਹਾਂ ਦੇ ਪ੍ਰਾਈਵੇਟ ਪ੍ਰਬੰਧਕੀ ਅਦਾਰਿਆਂ ਨੂੰ ਆਮ ਸਵਾਰੀਆਂ ਨਾਲ ਉਚਿਤ ਵਿਹਾਰ ਕਰਨ ਅਤੇ ਆਪਣੇ ਡਰਾਈਵਰਾਂ/ਕੰਡਕਟਰਾਂ ਨੂੰ ਅਨੁਸ਼ਾਸਨ ਵਿੱਚ ਰਹਿਣ, ਸਵਾਰੀਆਂ ਨਾਲ ਮਿਲਵਰਤਣ ਰੱਖਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ।ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਕੰਮ ਕਰਨ ਵਾਲੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸਰਵਿਸ ਵਿੱਚ ਜੁਆਇਨ ਕਰਵਾਉਣ ਤੋਂ ਪਹਿਲਾਂ ਆਮ ਜਨਤਾ ਨਾਲ ਵਧੀਆ ਵਿਹਾਰ ਰੱਖਣ ਅਤੇ ਸੜਕੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਸਿੱਖਿਅਤ ਕਰਨ ਹਿੱਤ ਇੱਕ ਲਾਜ਼ਮੀ ਟ੍ਰੇਨਿੰਗ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।





