ਆਪੋਜ਼ੀਸ਼ਨ ਪੇਪਰ ਲੀਕ ‘ਤੇ ਪਹਿਲਾਂ ਬਹਿਸ ਕਰਾਉਣ ‘ਤੇ ਅੜੀ

0
227

ਨਵੀਂ ਦਿੱਲੀ : ਲੋਕ ਸਭਾ ਵਿਚ ਸ਼ੁੱਕਰਵਾਰ ਅਪੋਜ਼ੀਸ਼ਨ ਮੈਂਬਰਾਂ ਨੇ ਨੀਟ-ਯੂ ਜੀ ਦੀ ਪ੍ਰੀਖਿਆ ‘ਚ ਬੇਨੇਮੀਆਂ ਬਾਰੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਸਾਰੇ ਦਿਨ ਲਈ ਉਠਾ ਦਿੱਤੀ ਗਈ | ਅਪੋਜ਼ੀਸ਼ਨ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਤੋਂ ਪਹਿਲਾਂ ਨੀਟ ਦੇ ਮਾਮਲੇ ‘ਤੇ ਚਰਚਾ ਕਰਾਉਣੀ ਚਾਹੀਦੀ ਹੈ, ਪਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਸ਼ਟਰਪਤੀ ਭਾਸ਼ਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ ‘ਤੇ ਲਿਆਂਦੇ ਗਏ ਧੰਨਵਾਦ ਮਤੇ ‘ਤੇ ਚਰਚਾ ਹੁੰਦੀ ਹੈ ਅਤੇ ਵੱਖਰੇ ਤੌਰ ‘ਤੇ ਕਿਸੇ ਵਿਸ਼ੇ ‘ਤੇ ਚਰਚਾ ਦੀ ਰਵਾਇਤ ਨਹੀਂ ਰਹੀ ਹੈ |
ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਚਲਾਉਣ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਸ਼ਣ ‘ਤੇ ਚਰਚਾ ਦੌਰਾਨ ਨੀਟ ਤੇ ਹੋਰ ਸਾਰੇ ਵਿਸ਼ੇ ਉਠਾ ਸਕਦੇ ਹਨ | ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਮੁੜ ਤੋਂ ਸ਼ੁਰੂ ਹੋਈ ਸਦਨ ਦੀ ਕਾਰਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਕਰੀਬ 12.07 ਵਜੇ ਮੁੜ ਤੋਂ ਪਹਿਲੀ ਜੁਲਾਈ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ |
ਇਸੇ ਦੌਰਾਨ ਕਾਂਗਰਸ ਦੇ ਸਾਂਸਦ ਦੀਪੇਂਦਰ ਹੁੱਡਾ ਨੇ ਦੋਸ਼ ਲਾਇਆ ਕਿ ਚਰਚਾ ਦੀ ਮੰਗ ਦੌਰਾਨ ਰਾਹੁਲ ਦਾ ਮਾਈਕ ਬੰਦ ਕਰ ਦਿੱਤਾ ਗਿਆ | ਵਿਰੋਧੀ ਧਿਰ ਦੇ ਨੇਤਾ ਦਾ ਮਾਈਕ ਬੰਦ ਕਰਨਾ ਸ਼ਰਮਨਾਕ ਹੈ | ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ | ਰਾਹੁਲ ਨੂੰ ਇਕ ਮਿੰਟ ਵੀ ਬੋਲਣ ਨਹੀਂ ਦਿੱਤਾ ਗਿਆ | ਰਾਹੁਲ ਗਾਂਧੀ ਨੇ ਜਦੋਂ ਸਪੀਕਰ ਨੂੰ ਮਾਈਕ ਬੰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਸਪੀਕਰ ਨੇ ਕਿਹਾ ਕਿ ਮਾਈਕ ਉਹ ਬੰਦ ਨਹੀਂ ਕਰਦੇ | ਦਰਅਸਲ ਸਪੀਕਰ ਦੇ ਕੋਲ ਬੈਠੇ ਇੰਜੀਨੀਅਰ ਬੋਲਣ ਦਾ ਮਿਲਿਆ ਸਮਾਂ ਖਤਮ ਹੋਣ ‘ਤੇ ਖੁਦ ਹੀ ਮਾਈਕ ਆਫ ਕਰ ਦਿੰਦੇ ਹਨ |

LEAVE A REPLY

Please enter your comment!
Please enter your name here