25.8 C
Jalandhar
Monday, September 16, 2024
spot_img

ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗੀ

ਨਵੀਂ ਦਿੱਲੀ : ਭਾਰੀ ਮੀਂਹ ਕਾਰਨ ਸ਼ੁੱਕਰਵਾਰ ਤੜਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਦਾ ਇਕ ਹਿੱਸਾ ਵਾਹਨਾਂ ‘ਤੇ ਡਿੱਗਣ ਕਾਰਨ ਕੈਬ ਡਰਾਈਵਰ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ | ਚਾਰ ਵਾਹਨ ਵੀ ਨੁਕਸਾਨੇ ਗਏ | ਹਾਦਸੇ ਤੋਂ ਬਾਅਦ ਟਰਮੀਨਲ-1 ‘ਤੇ ਜਹਾਜ਼ਾਂ ਦੇ ਉੱਡਣ ਤੇ ਉਤਰਨ ‘ਤੇ ਰੋਕ ਲਾਉਣੀ ਪਈ | ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ | ਨਾਇਡੂ ਤੇ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਜੀ ਐੱਮ ਆਰ ਦੇ ਅਧਿਕਾਰੀ ਨੇ ਕਿਹਾ ਕਿ ਟਰਮੀਨਲ-1 ਦੇ ਵਿਸਤਾਰ ਦਾ ਕੰਮ ਆਖਰੀ ਪੜਾਅ ਵਿਚ ਹੈ ਤੇ ਇਕ ਮਹੀਨੇ ਬਾਅਦ ਪੁਰਾਣਾ ਢਾਂਚਾ ਬੰਦ ਕਰ ਦਿੱਤਾ ਜਾਣਾ ਹੈ | ਡਿਪਾਰਚਰ ਟਰਮੀਨਲ ਦੀ ਜਿਹੜੀ ਛੱਤ ਡਿੱਗੀ ਹੈ, ਉਹ ਢਾਂਚਾ 15 ਸਾਲ ਪੁਰਾਣਾ ਹੈ | ਇਸਦਾ ਉਦਘਾਟਨ 2009 ਵਿਚ ਹੋਇਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਾਰਚ ਨੂੰ ਜਿਹੜੇ ਹਿੱਸੇ ਦਾ ਉਦਘਾਟਨ ਕੀਤਾ, ਉਹ ਹੋਰ ਸੀ | ਅਧਿਕਾਰੀ ਨੇ ਕਿਹਾ ਕਿ ਇਹ ਢਾਂਚਾ ਉਦੋਂ ਉਸਾਰਿਆ ਗਿਆ ਸੀ ਜਦੋਂ ਪ੍ਰਫੁਲ ਪਟੇਲ ਸ਼ਹਿਰੀ ਹਵਾਬਾਜ਼ੀ ਦੇ ਆਜ਼ਾਦ ਚਾਰਜ ਰਾਜ ਮੰਤਰੀ ਹੁੰਦੇ ਸਨ | ਉਹ ਮਈ 2004 ਤੋਂ ਜਨਵਰੀ 2011 ਤਕ ਮੰਤਰੀ ਰਹੇ | ਇਸ ਵੇਲੇ ਪਟੇਲ ਅਜੀਤ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਵਿਚ ਹਨ, ਜਿਹੜੀ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦਾ ਹਿੱਸਾ ਹੈ |
ਕਾਂਗਰਸ ਨੇ ਟਰਮੀਨਲ-1 ਦੀ ਛੱਤ ਦਾ ਹਿੱਸਾ ਢਹਿਣ ਦੀ ਘਟਨਾ ਨੂੰ ਮੋਦੀ ਸਰਕਾਰ ਦੇ ਭਿ੍ਸ਼ਟਾਚਾਰ ਮਾਡਲ ਦੀ ਮਿਸਾਲ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ‘ਚ ਬਣੇ ਬੁਨਿਆਦੀ ਢਾਂਚੇ ਘਟੀਆ ਮਿਆਰ ਕਾਰਨ ਤਾਸ਼ ਦੇ ਪੱਤਿਆਂ ਵਾਂਗ ਢਹਿ ਰਹੇ ਹਨ | ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ—ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ‘ਚ ਬਣੇ ਘਟੀਆ ਬੁਨਿਆਦੀ ਢਾਂਚੇ ਦੇ ਤਾਸ਼ ਦੇ ਪੱਤਿਆਂ ਵਾਂਗ ਢਹਿਣ ਲਈ ਭਿ੍ਸ਼ਟਾਚਾਰ ਤੇ ਮੁਜਰਮਾਨਾ ਲਾਪ੍ਰਵਾਹੀ ਜ਼ਿੰਮੇਵਾਰ ਹੈ |
ਪਿ੍ਅੰਕਾ ਗਾਂਧੀ ਕਿਹਾ—ਮਾਰਚ ‘ਚ ਪ੍ਰਧਾਨ ਮੰਤਰੀ ਜੀ ਨੇ ਟਰਮੀਨਲ-1 ਦਾ ਉਦਘਾਟਨ ਕੀਤਾ ਸੀ, ਅੱਜ ਉਸ ਦੀ ਛੱਤ ਢਹਿ ਗਈ, ਜਿਸ ‘ਚ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ | ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਜਿਸ ਜਬਲਪੁਰ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ, ਉਸ ਦੀ ਛੱਤ ਵੀ ਢਹਿ ਗਈ | ਕੀ ਪ੍ਰਧਾਨ ਉਦਘਾਟਨ ਮੰਤਰੀ ਜੀ ਇਨ੍ਹਾਂ ਘਟੀਆ ਨਿਰਮਾਣ ਕਾਰਜਾਂ ਅਤੇ ਇਸ ਭਿ੍ਸ਼ਟਾਚਾਰੀ ਮਾਡਲ ਦੀ ਜਿੰਮੇਵਾਰੀ ਲੈਣਗੇ? ਇਸੇ ਦੌਰਾਨ ਸ਼ਿਵ ਸੈਨਾ (ਊਧਵ ਠਾਕਰੇ) ਦੇ ਆਗੂ ਆਦਿਤਿਆ ਠਾਕਰੇ ਨੇ ਕਿਹਾ ਹੈ ਕਿ ਛੱਤ ਯੂ ਪੀ ਏ ਸਰਕਾਰ ਵੇਲੇ ਬਣਨ ਦੀ ਗੱਲ ਕਹਿ ਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਜ਼ਿੰਮੇਵਾਰੀ ਤੋਂ ਪੱਲਾ ਛੁਡਾਇਆ ਜਾ ਰਿਹਾ ਹੈ | ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਪਿਛਲੇ 10 ਸਾਲਾਂ ਵਿਚ ਦੇਖਭਾਲ ਨਹੀਂ ਕੀਤੀ ਗਈ | ਅਯੁੱਧਿਆ ਤੋਂ ਲੈ ਕੇ ਹਰ ਕੰਮ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ | ਇਸ਼ਤਿਹਾਰਬਾਜ਼ੀ ਦੀ ਥਾਂ ਜੇ ਕੰਮ ਕੀਤਾ ਹੁੰਦਾ ਤਾਂ ਛੱਤ ਨਾ ਡਿੱਗਦੀ |

Related Articles

LEAVE A REPLY

Please enter your comment!
Please enter your name here

Latest Articles