ਰਾਜਸਥਾਨ ਦੇ ਵੱਡੇ ਮੰਤਰੀ ਕਿਰੋੜੀ ਲਾਲ ਮੀਣਾ ਦਾ ਅਸਤੀਫਾ

0
115

ਭਾਜਪਾ ਦੇ ਮਹਿਲ ’ਚ ਤਰੇੜ
ਜੈਪੁਰ : ਰਾਜਸਥਾਨ ਦੇ ਕੈਬਨਿਟ ਮੰਤਰੀ ਕਿਰੋੜੀ ਲਾਲ ਮੀਣਾ ਨੇ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਉਨ੍ਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇ ਭਾਜਪਾ ਦੌਸਾ ਸੀਟ ਨਾ ਜਿੱਤੀ ਤਾਂ ਉਹ ਮੰਤਰੀ ਦਾ ਅਹੁਦਾ ਛੱਡ ਦੇਣਗੇ।
ਆਪਣੇ ਅਸਤੀਫੇ ਦੀ ਪੁਸ਼ਟੀ ਕਰਦਿਆਂ ਮੀਣਾ ਨੇ ਕਿਹਾ ਕਿ ਇਸੇ ਕਰਕੇ ਉਹ ਮੁੱਖ ਮੰਤਰੀ ਭਜਨ ਲਾਲ ਵੱਲੋਂ ਸੱਦੀ ਕੈਬਨਿਟ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਮੀਟਿੰਗ ਵਿਚ ਸ਼ਾਮਲ ਹੋਣ ਲਈ ਉਨ੍ਹਾ ਕੋਲ ਇਖਲਾਕੀ ਹੱਕ ਵੀ ਨਹੀਂ ਰਹਿ ਗਿਆ ਸੀ।
ਸੂਤਰਾਂ ਮੁਤਾਬਕ ਮੀਣਾ ਨੇ ਅਸਤੀਫਾ 10 ਦਿਨ ਪਹਿਲਾਂ ਸੌਂਪਿਆ ਸੀ, ਪਰ ਮੁੱਖ ਮੰਤਰੀ ਨੇ ਅਜੇ ਤੱਕ ਮਨਜ਼ੂਰ ਨਹੀਂ ਕੀਤਾ।
ਮੁੱਖ ਮੰਤਰੀ ਅਤੇ ਦੋ ਉਪ-ਮੁੱਖ ਮੰਤਰੀਆਂ ਤੋਂ ਉਮਰ ’ਚ ਕਿਤੇ ਸਿਆਣੇ ਤੇ ਪਾਰਟੀ ਵਿਚਲੇ ਤਜਰਬੇ ਦੇ ਬਾਵਜੂਦ ਇਕ ਵਾਰ ਰਾਜ ਸਭਾ, ਦੋ ਵਾਰ ਲੋਕ ਸਭਾ ਤੇ ਪੰਜ ਵਾਰ ਅਸੰਬਲੀ ਮੈਂਬਰ ਬਣੇ ਮੀਣਾ ਨੂੰ ਸਿਰਫ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਸੀਨੀਆਰਤਾ ਦੇ ਹਿਸਾਬ ਨਾਲ ਉਹ ਮੁੱਖ ਮੰਤਰੀ ਤੇ ਦੋ ਉਪ-ਮੁੱਖ ਮੰਤਰੀਆਂ ਤੋਂ ਬਾਅਦ ਆਉਦੇ ਹਨ। ਉਨ੍ਹਾ ਕੋਲ ਖੇਤੀਬਾੜੀ ਤੇ ਬਾਗਬਾਨੀ, ਪੇਂਡੂ ਵਿਕਾਸ, ਆਫਤ ਪ੍ਰਬੰਧਨ, ਰਾਹਤ ਤੇ ਸਿਵਲ ਡਿਫੈਂਸ ਤੇ ਸ਼ਿਕਾਇਤ ਨਿਵਾਰਣ ਮੰਤਰਾਲੇ ਹਨ।
ਇਨ੍ਹਾਂ ਕਿਆਸਅਰਾਈਆਂ ਕਿ ਕੀ ਉਨ੍ਹਾ ਅਸਤੀਫਾ ਪਾਰਟੀ ਜਾਂ ਸਰਕਾਰ ਤੋਂ ਨਾਰਾਜ਼ ਹੋ ਕੇ ਦਿੱਤਾ, ਬਾਰੇ ਮੀਣਾ ਨੇ ਸਪੱਸ਼ਟ ਕੀਤਾ-ਗੁੱਸੇ ਹੋਣ ਦਾ ਕੋਈ ਕਾਰਨ ਨਹੀਂ। ਮੈਂ ਮੁੱਖ ਮੰਤਰੀ ਨੂੰ ਵੀ ਮਿਲਿਆ ਹਾਂ ਤੇ ਉਨ੍ਹਾ ਕਿਹਾ ਕਿ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਵੇਗਾ, ਪਰ ਮੈਂ ਮੁੱਖ ਮੰਤਰੀ ਨੂੰ ਦੱਸਿਆ ਕਿ ਮੈਂ ਲੋਕਾਂ ਵਿਚ ਕਿਹਾ ਸੀ ਕਿ ਜੇ ਦੌਸਾ ਸੀਟ ਨਾ ਜਿੱਤੀ ਤਾਂ ਮੈਂ ਅਸਤੀਫਾ ਦੇ ਦੇਵਾਂਗਾ। ਇਸ ਕਰਕੇ ਮੈਂ ਸਰਕਾਰੀ ਬੰਗਲੇ, ਸਰਕਾਰੀ ਗੱਡੀ ਜਾਂ ਦਫਤਰ ਵਿਚ ਬੈਠਣ ਦੇ ਯੋਗ ਨਹੀਂ।
ਦੌਸਾ ਸੀਟ ’ਤੇ ਕਾਂਗਰਸ ਦੇ ਮੁਰਾਰੀ ਲਾਲ ਮੀਣਾ ਨੇ ਭਾਜਪਾ ਦੇ ਕਨ੍ਹਈਆ ਲਾਲ ਮੀਣਾ ਨੂੰ 2 ਲੱਖ 30 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਪ੍ਰਚਾਰ ਦੌਰਾਨ ਕਿਰੋੜੀ ਲਾਲ ਮੀਣਾ ਨੇ ਕਿਹਾ ਸੀ ਕਿ ਜੇ ਭਾਜਪਾ ਨਾ ਜਿੱਤੀ ਤਾਂ ਮੰਤਰੀ ਨਹੀਂ ਰਹਾਂਗਾ। ਚਾਰ ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਮੀਣਾ ਨੇ ਆਪਣਾ ਸਟੈਂਡ ਦੁਹਰਾਉਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾ ਨੂੰ ਪੂਰਬੀ ਰਾਜਸਥਾਨ ਦੇ ਸੱਤ ਹਲਕਿਆਂ ਦੀ ਲਿਸਟ ਸੌਂਪੀ ਸੀ। ਮੀਣਾ ਨੇ ਕਿਹਾ ਸੀ-ਪ੍ਰਧਾਨ ਮੰਤਰੀ ਦੇ ਚੋਣ ਦੌਰੇ ’ਤੇ ਆਉਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਜੇ ਦੌਸਾ ਸੀਟ ਨਾ ਜਿੱਤੀ ਤਾਂ ਮੰਤਰੀ ਦਾ ਅਹੁਦਾ ਛੱਡ ਦੇਵਾਂਗਾ। ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਮੇਰੇ ਨਾਲ ਵੱਖਰਿਆਂ ਗੱਲ ਕਰਕੇ ਸੱਤ ਸੀਟਾਂ ਦੀ ਲਿਸਟ ਦਿੱਤੀ ਸੀ। ਮੈਂ ਇਨ੍ਹਾਂ ਸੱਤ ਸੀਟਾਂ ’ਤੇ ਬਹੁਤਾ ਜ਼ੋਰ ਲਾਉਣ ਦੇ ਇਲਾਵਾ 11 ਸੀਟਾਂ ’ਤੇ ਕੰਮ ਕੀਤਾ।
ਮੀਣਾ ਨੇ ਇੱਥੋਂ ਤੱਕ ਐਲਾਨ ਕੀਤਾ ਸੀ ਕਿ ਜੇ ਭਾਜਪਾ ਸੱਤਾਂ ਵਿੱਚੋਂ ਇਕ ਵੀ ਸੀਟ ਹਾਰ ਗਈ ਤਾਂ ਉਹ ਲੋਕਾਂ ਨੂੰ ਪਾਣੀ ਪਿਆਉਣਗੇ। ਭਾਜਪਾ ਦੌਸਾ ਤੋਂ ਇਲਾਵਾ ਪੂਰਬੀ ਰਾਜਸਥਾਨ ਦੀਆਂ ਟੋਂਕ, ਸਵਾਈ ਮਾਧੋਪੁਰ, ਕਰੌਲੀ-ਧੌਲਪੁਰ ਤੇ ਭਰਤਪੁਰ ਸੀਟਾਂ ਵੀ ਹਾਰ ਗਈ ਸੀ। ਅਸਤੀਫ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਮੀਣਾ ਨੇ ਵੀਰਵਾਰ ਸਵੇਰੇ ਫੇਸਬੁੱਕ ’ਤੇ ਪੋਸਟ ਪਾਈਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਈ ਪਰ ਬਚਨ ਨਾ ਜਾਈ। ਮੀਣਾ ਦੇ ਅਸਤੀਫੇ ਨੇ ਰਾਜਸਥਾਨ ਭਾਜਪਾ ਵਿਚ ਖਲਬਲੀ ਪੈਦਾ ਕਰ ਦਿੱਤੀ ਹੈ। ਉਨ੍ਹਾਂ ਮੰਤਰੀਆਂ ’ਤੇ ਦਬਾਅ ਵਧ ਗਿਆ ਹੈ, ਜਿਨ੍ਹਾਂ ਦੇ ਲੋਕ ਸਭਾ ਹਲਕਿਆਂ ਵਿਚ ਪਾਰਟੀ ਉਮੀਦਵਾਰ ਜਿੱਤ ਨਹੀਂ ਸਕੇ।
ਰਾਜਸਥਾਨ ਦੀ ਸਿਆਸਤ ਵਿਚ ਪੂਰਬੀ ਰਾਜਸਥਾਨ ਦੇ ਇਸ ਹਿੱਸੇ ਨੂੰ ਕਾਂਗਰਸ ਆਗੂ ਸਚਿਨ ਪਾਇਲਟ ਤੇ ਕਿਰੋੜੀ ਲਾਲ ਮੀਣਾ ਦੇ ਗੜ੍ਹ ਵਜੋਂ ਦੇਖਿਆ ਜਾਂਦਾ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਇਸ ਹਿੱਸੇ ਤੋਂ ਹੀ ਆਉਂਦੇ ਹਨ। ਮੀਣਾ ਕਬਾਇਲੀਆਂ ਦੀ ਨੁਮਾਇੰਦਗੀ ਕਰਦੇ ਹਨ। ਕਬਾਇਲੀਆਂ ਦੀ ਸੂਬੇ ਵਿਚ ਆਬਾਦੀ 13 ਫੀਸਦੀ ਤੋਂ ਵੱਧ ਹੈ। ਇਨ੍ਹਾਂ ਵਿਚ ਮੀਣਾ ਕਰੀਬ 6 ਫੀਸਦੀ ਹਨ, ਪਰ ਭਾਰਤ ਆਦੀਵਾਸੀ ਪਾਰਟੀ (ਬੀ ਏ ਪੀ) ਤੇਜ਼ੀ ਨਾਲ ਆਦੀਵਾਸੀਆਂ ਵਿਚ ਮਕਬੂਲ ਹੋ ਰਹੀ ਹੈ। ਪਹਿਲੀ ਵਾਰ ਚੋਣ ਲੜਨ ਵਾਲੀ ਬੀ ਏ ਪੀ ਆਪਣੇ ਚਾਰ ਵਿਧਾਇਕ ਤੇ ਇਕ ਸਾਂਸਦ ਜਿਤਾ ਚੁੱਕੀ ਹੈ।
ਮੀਣਾ ਆਬਾਦੀ ਨੂੰ ਦੇਖਦਿਆਂ ਭਾਜਪਾ ਕਿਰੋੜੀ ਲਾਲ ਮੀਣਾ ਨੂੰ ਹਰ ਹਾਲ ਵਿਚ ਆਪਣੇ ਨਾਲ ਰੱਖਦੀ ਹੈ। ਵਸੰੁਧਰਾ ਰਾਜੇ ਨਾਲ ਨਾਰਾਜ਼ਗੀ ਦੇ ਬਾਅਦ ਮੀਣਾ ਨੇ ਭਾਜਪਾ ਛੱਡ ਕੇ 2013 ਦੀਆਂ ਅਸੰਬਲੀ ਚੋਣਾਂ ਵਿਚ 150 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਦਿੱਤੇ ਸੀ। ਚਾਰ ਸੀਟਾਂ ਜਿੱਤਣ ਵਿਚ ਸਫਲ ਵੀ ਰਹੇ ਸਨ। ਇਸ ਤੋਂ ਬਾਅਦ ਭਾਜਪਾ ਨੇ 2018 ਵਿਚ ਆਪਣੇ ਨਾਲ ਰਲਾ ਕੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਸੀ।
ਪਿਛਲੇ ਕੁਝ ਦਿਨਾਂ ਵਿਚ ਮੀਣਾ ਨੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਕਈ ਪੱਤਰ ਲਿਖੇ ਹਨ। 14 ਮਈ ਨੂੰ ਲਿਖੇ ਪਹਿਲੇ ਪੱਤਰ ਵਿਚ ਜੈਪੁਰ ਦੇ ਗਾਂਧੀ ਨਗਰ ਇਲਾਕੇ ਵਿਚ ਬਹੁਮੰਜ਼ਲਾ ਰਿਹਾਇਸ਼ੀ ਪ੍ਰੋਜੈਕਟ ਵਿਚ ਸਰਕਾਰੀ ਖਜ਼ਾਨੇ ਨੂੰ 1146 ਕਰੋੜ ਰੁਪਏ ਦੇ ਸੰਭਾਵਤ ਨੁਕਸਾਨ ਵੱਲ ਇਸ਼ਾਰਾ ਕੀਤਾ ਸੀ। ਲੋਕ ਗੱਲਾਂ ਕਰਨ ਲੱਗ ਪਏ ਸਨ ਕਿ ਮੀਣਾ ਨੇ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ? ਭਾਜਪਾ ਹਾਈਕਮਾਨ ਨੇ ਮੀਣਾ ਨੂੰ ਸ਼ੁੱਕਰਵਾਰ ਦਿੱਲੀ ਸੱਦ ਲਿਆ ਹੈ।

LEAVE A REPLY

Please enter your comment!
Please enter your name here