ਸ਼ਿਵ ਸੈਨਾ ਵੱਲੋਂ ਰਾਹੁਲ ਦੀ ਪ੍ਰਸੰਸਾ

0
102

ਸੰਸਦ ਵਿੱਚ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦਾ ਆਗੂ ਬਣਨ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿੱਚ ਭਾਜਪਾ ’ਤੇ ਤਿੱਖੇ ਹਮਲੇ ਕੀਤੇ ਸਨ। ਉਸ ਨੇ ਕਿਹਾ ਸੀ ਕਿ ਜੋ ਲੋਕ ਖੁਦ ਨੂੰ ਹਿੰਦੂ ਕਹਿੰਦੇ ਹਨ, ਉਹ ਨਫਰਤ ਤੇ ਹਿੰਸਾ ਫੈਲਾਉਂਦੇ ਹਨ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਹੁਲ ਵੱਲੋਂ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ। ਅਸਲ ਵਿੱਚ ਰਾਹੁਲ ਦੇ ਬਿਆਨ ਨੂੰ ਗਲਤ ਰੰਗਤ ਦੇ ਕੇ ਪ੍ਰਧਾਨ ਮੰਤਰੀ ਦੀ ਚਾਲ ਪੂਰੇ ਹਿੰਦੂ ਸਮਾਜ ਨੂੰ ਰਾਹੁਲ ਵਿਰੁੱਧ ਭੜਕਾਉਣ ਦੀ ਸੀ, ਪਰ ਰਾਹੁਲ ਨੇ ਤੁਰੰਤ ਮੋੜਵਾਂ ਹਮਲਾ ਬੋਲਦਿਆਂ ਕਿਹਾ, ‘ਮੋਦੀ ਜੀ, ਤੁਸੀਂ ਪੂਰਾ ਹਿੰਦੂ ਸਮਾਜ ਨਹੀਂ, ਭਾਜਪਾ ਵੀ ਪੂਰਾ ਹਿੰਦੂ ਸਮਾਜ ਨਹੀਂ ਤੇ ਆਰ ਐੱਸ ਐੱਸ ਵੀ ਪੂਰਾ ਹਿੰਦੂ ਸਮਾਜ ਨਹੀਂ ਹੈ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਿਆਨ ਰਾਹੀਂ ਹਿੰਦੂ ਸਮਾਜ ਨੂੰ ਭੜਕਾਉਣ ਵਾਲੀ ਜਿਹੜੀ ਚਾਲ ਚੱਲੀ ਸੀ, ਉਹ ਪੂਰੀ ਤਰ੍ਹਾਂ ਠੁੱਸ ਹੋ ਗਈ। ਗੁਜਰਾਤ ਵਿੱਚ ਬਜਰੰਗੀ ਗੁੰਡਿਆਂ ਵੱਲੋਂ ਕਾਂਗਰਸ ਦੇ ਦਫਤਰ ਉੱਤੇ ਜ਼ਰੂਰ ਹਮਲਾ ਕੀਤਾ ਗਿਆ, ਪਰ ਬਾਕੀ ਦੇਸ਼ ਵਿੱਚ ਕਿਸੇ ਨੇ ਮੋਦੀ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਗੁਜਰਾਤ ਦੀ ਘਟਨਾ ਵੀ ਰਾਹੁਲ ਗਾਂਧੀ ਦੀ ਇਸ ਗੱਲ ਦੀ ਪ੍ਰੋੜ੍ਹਤਾ ਹੀ ਹੈ ਕਿ ਮੋਦੀ ਦਾ ਹਿੰਦੂਤਵ ਹਿੰਸਾ ਤੇ ਨਫਰਤ ਫੈਲਾਉਣਾ ਹੈ।
ਇਸੇ ਦੌਰਾਨ ਭਾਜਪਾ ਦੀ ਲੰਮਾ ਸਮਾਂ ਸਹਿਯੋਗੀ ਰਹੀ ਸ਼ਿਵ ਸੈਨਾ ਊਧਵ ਠਾਕਰੇ ਨੇ ਰਾਹੁਲ ਗਾਂਧੀ ਦੇ ਭਾਸ਼ਣ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਹੈ।
ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਛਪੇ ਸੰਪਾਦਕੀ ਵਿੱਚ ਕਿਹਾ ਗਿਆ ਹੈ, ‘ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਹੈ ਕਿ ਭਾਜਪਾ ਨੇ ਹਿੰਦੂਤਵ ਤੇ ਹਿੰਦੂਆਂ ਦਾ ਠੇਕਾ ਨਹੀਂ ਲਿਆ। ਭਰੀ ਸੰਸਦ ਵਿੱਚ ਮੋਦੀ, ਸ਼ਾਹ ਤੇ ਭਾਜਪਾ ਦੇ ਮੁਖੌਟੇ ਨੂੰ ਰਾਹੁਲ ਗਾਂਧੀ ਨੇ ਲੀਰੋ-ਲੀਰ ਕਰ ਦਿੱਤਾ। ਪਿਛਲੇ ਦਸ ਸਾਲਾਂ ਵਿੱਚ ਅਮਿਤ ਸ਼ਾਹ ਲਈ ਇਹ ਨੌਬਤ ਆ ਗਈ ਕਿ ਉਸ ਨੂੰ ਸਪੀਕਰ ਤੋਂ ਸੁਰੱਖਿਆ ਦੀ ਮੰਗ ਕਰਨੀ ਪਈ। ਇਸ ਲਈ ਰਾਹੁਲ ਗਾਂਧੀ ਨੂੰ ਜਿੰਨੀ ਵਧਾਈ ਦਿੱਤੀ ਜਾਵੇ, ਓਨੀ ਥੋੜ੍ਹੀ ਹੈ।’
ਰਾਸ਼ਟਰਪਤੀ ਦੇ ਭਾਸ਼ਣ ਉੱਤੇ ਚਰਚਾ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਦੇ ਮੱਥੇ ਤੋਂ ਵੀ ਸੰਦੂਰ ਖੁਰਚ ਸੁੱਟਿਆ। ਰਾਹੁਲ ਗਾਂਧੀ ਨੇ ਕਿਹਾ, ‘ਇਹ ਲੋਕ ਹਿੰਦੂਤਵ ਦੇ ਨਾਂਅ ਉੱਤੇ ਦੰਗੇ ਕਰਾਉਂਦੇ ਹਨ। ਇਹ ਈਰਖਾ ਤੇ ਨਫਰਤ ਫੈਲਾਉਂਦੇ ਹਨ। ਸੱਚਾ ਹਿੰਦੂ ਸੰਜਮੀ, ਉਦਾਰਵਾਦੀ ਤੇ ਨਿਡਰ ਹੋ ਕੇ ਸਚਾਈ ਦਾ ਸਮਰਥਨ ਕਰਦਾ ਹੈ।’ ਪ੍ਰਧਾਨ ਮੰਤਰੀ ਮੋਦੀ ਤਿਲਮਲਾ ਉੱਠੇ ਤੇ ਬੋਲੇ ਕਿ ਰਾਹੁਲ ਗਾਂਧੀ ਹਿੰਦੂ ਸਮਾਜ ਦਾ ਅਪਮਾਨ ਕਰ ਰਿਹਾ ਹੈ। ਇਸ ’ਤੇ ਰਾਹੁਲ ਨੇ ਤਿੱਖਾ ਜਵਾਬ ਦਿੱਤਾ, ‘ਸਰ, ਆਪ ਹਿੰਦੂਤਵ ਨੂੰ ਸਮਝੇ ਹੀ ਨਹੀਂ ਹੋ। ਭਾਜਪਾ ਦਾ ਮਤਲਬ ਹਿੰਦੂਤਵ ਨਹੀਂ ਹੈ।’ ਇਸ ਉੱਤੇ ਮੋਦੀ ਦਾ ਚਿਹਰਾ ਦੇਖਣ ਲਾਇਕ ਹੋ ਗਿਆ ਸੀ। ਕਿਸੇ ਨੇ ਮੋਦੀ-ਸ਼ਾਹ ਦੇ ਖੇਤਰ ਵਿੱਚ ਘੁਸ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਸੁਣਾਇਆ ਸੀ। ਇਸ ਜੋੜੀ ਨੇ ਆਤੰਕ ਤੇ ਕਰੂਰ ਬਹੁਮਤ ਦੇ ਜ਼ੋਰ ’ਤੇ ਸੰਸਦ ਨੂੰ ਆਪਣੀ ਅੱਡੀ ਹੇਠਾਂ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਰਾਹੁਲ ਗਾਂਧੀ ਦੀ ਅਗਵਾਈ ’ਚ ਇੱਕ ਮਜ਼ਬੂਤ ਵਿਰੋਧੀ ਦਲ ਦੇ ਸੰਸਦ ਵਿੱਚ ਪ੍ਰਗਟ ਹੁੰਦਿਆਂ ਹੀ ਹਿੰਦੂਤਵ ਦੇ ਨਾਂਅ ਉੱਤੇ ਮਨਮਾਨੀ ਕਰਨ ਵਾਲਿਆਂ ਦਾ ਤਾਂਗਾ ਉਲਟ ਗਿਆ ਹੈ।
ਇੱਕੋ ਝਟਕੇ ਵਿੱਚ 100 ਤੋਂ ਵੱਧ ਸਾਂਸਦਾਂ ਨੂੰ ਮੁਅੱਤਲ ਕਰਕੇ ਖਾਲੀ ਸੰਸਦ ਵਿੱਚ ਮਹੱਤਵਪੂਰਨ ਕਾਨੂੰਨ ਪਾਸ ਕਰਾ ਲੈਣ ਵਾਲੇ ਲੋਕ ਸਭਾ ਸਪੀਕਰ ਨੂੰ ਵੀ ਵਿਰੋਧੀ ਧਿਰ ਦੇ ਆਗੂ ਨੇ ਜੋ ਤਿੱਖੇ ਸ਼ਬਦ ਸੁਣਾਏ, ਉਸ ਨਾਲ ਪਿਛਲੇ 10 ਸਾਲਾਂ ਤੋਂ ਸੁੱਤੀ ਹੋਈ ਸੰਸਦ ਦੀਆਂ ਦੀਵਾਰਾਂ ਵੀ ਜਾਗ ਉਠੀਆਂ। ‘ਮੈਂ ਬਾਇਓਲੋਜੀਕਲ ਨਹੀਂ, ਬਲਕਿ ਈਸ਼ਵਰ ਨਾਲ ਸਿੱਧਾ ਰਾਬਤਾ ਰੱਖਦਾ ਹਾਂ।’ ਮੋਦੀ ਇਹ ਕਹਿੰਦੇ ਹਨ। ਰਾਹੁਲ ਗਾਂਧੀ ਨੇ ਇਸ ਅਵਤਾਰ ਦੀ ਵੀ ਚੰਗੀ ਤਰ੍ਹਾਂ ਖਿੱਲੀ ਉਡਾਈ। ਉਨ੍ਹਾ ਕਿਹਾ, ‘ਮੋਦੀ ਜੀ, ਨੋਟਬੰਦੀ ਦਾ ਸੁਨੇਹਾ ਕੀ ਸਿੱਧਾ ਭਗਵਾਨ ਵੱਲੋਂ ਆਇਆ ਸੀ। ਮੁੰਬਈ ਏਅਰਪੋਰਟ ਅਡਾਨੀ ਨੂੰ ਦੇਣ ਦਾ ਹੁਕਮ ਵੀ ਉੱਪਰੋਂ ਆਇਆ ਹੋਵੇਗਾ, ਖਟਾਖਟ-ਖਟਾਖਟ।’ ਇਸ ’ਤੇ ਮੋਦੀ-ਸ਼ਾਹ ਕੋਲ ਲੋਕ ਸਭਾ ਸਪੀਕਰ ਤੋਂ ਸੁਰੱਖਿਆ ਮੰਗਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਮੋਦੀ-ਸ਼ਾਹ ਈ ਡੀ, ਸੀ ਬੀ ਆਈ ਦੀ ਦੁਰਵਰਤੋਂ ਕਰਕੇ ਪੂਰੀ ਵਿਰੋਧੀ ਧਿਰ ਨੂੰ ਡਰਾਉਂਦੇ ਰਹੇ। ਹੁਣ ਸਮਾਂ ਆ ਗਿਆ ਹੈ ਇਨ੍ਹਾਂ ਹੰਕਾਰੀਆਂ ਨੂੰ ਸਪੀਕਰ ਤੋਂ ਮੰਗ ਕਰਨੀ ਪਈ ਕਿ ਉਨ੍ਹਾਂ ਦੀ ਰਾਹੁਲ ਤੋਂ ਸੁਰੱਖਿਆ ਕੀਤਾ ਜਾਵੇ। ਇਹ ਸਮੇਂ ਵੱਲੋਂ ਲਿਆ ਗਿਆ ਬਦਲਾ ਹੈ। ਆਉਣ ਵਾਲੇ ਦਿਨੀਂ ਮੋਦੀ-ਸ਼ਾਹ ਨੂੰ ਹੋਰ ਵੀ ਬੁਰੇ ਦਿਨ ਦੇਖਣੇ ਪੈਣਗੇ। ਰਾਹੁਲ ਗਾਂਧੀ ਨੂੰ ਰੋਕਣਾ ਅਸਾਨ ਨਹੀਂ ਹੈ।

LEAVE A REPLY

Please enter your comment!
Please enter your name here