ਨਵੀਂ ਦਿੱਲੀ : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਣ ਦੇ ਦੋਸ਼ ‘ਚ ਚਾਰ ਕਾਂਗਰਸੀ ਮੈਂਬਰਾਂ ਦੀ ਮੁਅੱਤਲੀ ਦਾ ਫੈਸਲਾ ਸੋਮਵਾਰ ਵਾਪਸ ਲੈ ਲਿਆ | ਵਿਰੋਧੀ ਧਿਰਾਂ ਨੇ ਸਪੀਕਰ ਨੂੰ ਯਕੀਨ ਦਿਵਾਇਆ ਕਿ ਮੈਂਬਰ ਸਦਨ ਵਿਚ ਤਖਤੀਆਂ ਨਹੀਂ ਲਿਆਉਣਗੇ, ਜਿਸ ਮਗਰੋਂ ਉਨ੍ਹਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ | ਬਿਰਲਾ ਨੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਦਨ ਦੀ ਕਾਰਵਾਈ ਨਾਲ ਜੁੜੇ ਨੇਮਾਂ, ਜੋ ਮੈਂਬਰਾਂ ਨੂੰ ਸਦਨ ‘ਚ ਤਖਤੀਆਂ ਵਿਖਾਉਣ ਤੋਂ ਰੋਕਦੇ ਹਨ, ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨਗੇ | ਚਾਰ ਕਾਂਗਰਸੀ ਮੈਂਬਰਾਂ ਮਨੀਕਮ ਟੈਗੋਰ, ਰਾਮਿਆ ਹਰੀਦਾਸ, ਟੀ ਐੱਨ ਪ੍ਰਤਾਪਨ ਤੇ ਐੱਸ ਜੋਤੀਮਣੀ ਨੂੰ ਪਿਛਲੇ ਸੋਮਵਾਰ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਣ ਤੇ ਐਨ ਵਿਚਾਲੇ ਆ ਕੇ ਤਖਤੀਆਂ ਵਿਖਾਉਂਦਿਆਂ ਨਾਅਰੇਬਾਜ਼ੀ ਕਰਨ ਦੇ ਦੋਸ਼ ‘ਚ ਮੌਨਸੂਨ ਅਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ | ਮੌਨਸੂਨ ਅਜਲਾਸ 18 ਜਲਾਈ ਤੋਂ ਸ਼ੁਰੂ ਹੋਇਆ ਸੀ | ਮੈਂਬਰਾਂ ਦੀ ਮੁਅੱਤਲੀ ਤੋਂ ਬਾਅਦ ਸਦਨ ਵਿਚ ਮਹਿੰਗਾਈ ‘ਤੇ ਬਹਿਸ ਸ਼ੁਰੂ ਹੋਈ | ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਬੀਤੇ ਅੱਠ ਸਾਲਾਂ ‘ਚ ਸਰਕਾਰ ਦਾ ਆਰਥਕ ਪ੍ਰਬੰਧਨ ਬਹੁਤ ਮਾੜਾ ਰਿਹਾ ਹੈ | ਉਧਰ ਭਾਜਪਾ ਨੇ ਕਿਹਾ ਕਿ ਕੋਰੋਨਾ ਸੰਕਟ ਮਗਰੋਂ ਵੀ ਮੁਲਕ ਖੁਸ਼ ਹੈ | ਕਾਂਗਰਸੀ ਮੈਂਬਰ ਮਨੀਸ਼ ਤਿਵਾੜੀ ਨੇ ਨਿਯਮ 193 ਤਹਿਤ ਮਹਿੰਗਾਈ ‘ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ ‘ਤੇ ਟੈਕਸ ਅਤੇ ਜੀ ਐੱਸ ਟੀ ਨਾਲ ਸਰਕਾਰ ਨੇ ਆਪਣਾ ਬੱਜਟ ਤਾਂ ਪੂਰਾ ਕਰ ਲਿਆ ਹੋਵੇਗਾ ਤੇ ਆਪਣਾ ਖਜ਼ਾਨਾ ਵੀ ਭਰ ਲਿਆ ਹੋਵੇਗਾ, ਪਰ ਮੁਲਕ ਵਿਚ ਕਰੋੜਾਂ ਪਰਵਾਰਾਂ ਦਾ ਬੱਜਟ ਵਿਗਾੜ ਦਿੱਤਾ ਹੈ | ਮਹਿੰਗਾਈ ਕਾਰਨ ਗਰੀਬੀ ਵਧਦੀ ਜਾ ਰਹੀ ਹੈ | ਭਾਜਪਾ ਸੰਸਦ ਮੈਂਬਰ ਦੂਬੇ ਨੇ ਮੁਫਤ ਯੋਜਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀ ਵਾਲੀਆਂ ਸਰਕਾਰਾਂ ‘ਤੇ ਹਮਲਾ ਬੋਲਿਆ ਅਤੇ ਸਰਕਾਰ ‘ਤੇ ਵਧਦੇ ਕਰਜ਼ੇ ਅਤੇ ਮਹਿੰਗਾਈ ਲਈ ਇਸ ਨੂੰ ਵਜ੍ਹਾ ਦੱਸਿਆ | ਉਨ੍ਹਾ ਦੱਸਿਆ ਕਿ ਅਨੇਕਾਂ ਮੁਲਕਾਂ ਦੀ ਹਾਲਤ ਖਰਾਬ ਹੈ ਅਤੇ ਹਰ ਥਾਂ ਰੁਜ਼ਗਾਰ ਖੁੱਸ ਰਹੇ ਹਨ | ਮਹਿੰਗਾਈ ਵਧ ਰਹੀ ਹੈ | ਉਸੇ ਸਥਿਤੀ ਵਿਚ ਇਹ ਮੁਲਕ ਬਦਲ ਰਿਹਾ ਹੈ, ਖੁਸ਼ ਹੈ ਅਤੇ ਇਥੇ ਪਿੰਡ, ਗਰੀਬ, ਆਦਿਵਾਸੀ ਤੇ ਕਿਸਾਨ ਨੂੰ ਸਨਮਾਨ ਮਿਲ ਰਿਹਾ ਹੈ |





