ਬੀ ਕੇ ਐੱਮ ਯੂ ਦੀ ਮਜ਼ਬੂਤੀ ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਹੋ ਸਕਦੀ ਐ : ਡੀ. ਰਾਜਾ

0
164

ਨਵੀਂ ਦਿੱਲੀ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਜਥੇਬੰਦੀਆਂ ਦੀ ਮਹੱਤਵਪੂਰਨ ਭੂਮਿਕਾ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ ਪਾਰਟੀ ਦੀ ਸਿਆਸੀ ਸਮਝ ਜਿੰਨੀ ਮਰਜ਼ੀ ਦਰੁਸਤ ਹੋਵੇ, ਪਰ ਜਨਤਕ ਜਥੇਬੰਦੀਆਂ ਦੇ ਸਰਗਰਮ ਸਹਿਯੋਗ ਤੋਂ ਬਿਨਾ ਇੱਛਤ ਸਿੱਟੇ ਨਹੀਂ ਪ੍ਰਾਪਤ ਕਰ ਸਕਦੀ। ਉਹ ਅਜੈ ਭਵਨ ਨਵੀਂ ਦਿੱਲੀ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ (ਬੀ ਕੇ ਐੱਮ ਯੂ) ਦੀ ਐਗਜ਼ੈਕਟਿਵ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਬੀ ਕੇ ਐੱਮ ਯੂ ਦਾ ਸੁਨੇਹਾ ਹਿੰਦੁਸਤਾਨ ਦੇ ਹਰ ਘਰ ਵਿੱਚ ਪਹੁੰਚਾਉਣਾ ਲਾਜ਼ਮੀ ਹੋ ਗਿਆ ਹੈ। ਕਾਮਰੇਡ ਰਾਜਾ ਨੇ ਦੇਸ਼ ਵਿੱਚ ਜਾਤੀ ਜਨਗਣਨਾ ਮੁੱਦੇ ਬਾਰੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ। ਜਾਤੀ ਜਨਗਣਨਾ ਨਾਲ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਣਗੀਆਂ।
ਉਨ੍ਹਾ ਕਿਹਾ ਕਿ ਇਸ ਦੇਸ਼ ਵਿੱਚ ਜਾਤੀਵਾਦ ਲਈ ਕੋਈ ਥਾਂ ਨਹੀਂ। ਉਹਨਾ 18ਵੀਆਂ ਲੋਕ ਸਭਾਈ ਚੋਣਾਂ ਦੇ ਨਤੀਜਿਆਂ ਬਾਰੇ ਵੀ ਚੀਰ-ਫਾੜ ਕੀਤੀ। ਉਨ੍ਹਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਮਜ਼ਬੂਤ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਸ ਦੀ ਮਜ਼ਬੂਤੀ ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਬੀ ਕੇ ਐੱਮ ਯੂ ਨੂੰ ਆਪਣੇ ਕਾਰਜਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਫੰਡਾਂ ਦੀ ਸਖ਼ਤ ਜ਼ਰੂਰਤ ਹੈ, ਇਸ ਲਈ ਆਰਥਕ ਵਸੀਲਿਆਂ ਨੂੰ ਵੀ ਤਲਾਸ਼ਣਾ ਹੋਵੇਗਾ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਜਥੇਬੰਦੀ ਦੀ ਚੇਨਈ ਜਨਰਲ ਕੌਂਸਲ ਉਪਰੰਤ ਹੋਏ ਕੰਮਾਂ ਦੀ ਰਿਪੋਰਟ ਮੈਂਬਰਾਂ ਸਾਹਮਣੇ ਪੇਸ਼ ਕੀਤੀ। ਉਨ੍ਹਾ ਕਿਹਾ ਕਿ ਚੇਨਈ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਮੁੱਖ ਸਿਆਸੀ ਮੁੱਦਾ ਉੱਭਰ ਕੇ ਸਾਹਮਣੇ ਆਇਆ ਸੀ ਕਿ 18ਵੀਆਂ ਲੋਕ ਸਭਾਈ ਚੋਣਾਂ ਵਿੱਚ ਭਾਜਪਾ ਗਠਜੋੜ ਨੂੰ ਹਰਾਇਆ ਜਾਵੇ। ਇਸ ਸਿਆਸੀ ਕਾਜ਼ ਲਈ ਜਥੇਬੰਦੀ ਦੇ ਕਾਡਰ ਨੂੰ ਤੁਰੰਤ ਸਰਗਰਮੀਆਂ ਤੇਜ਼ ਕਰਨ ਲਈ ਕਿਹਾ ਗਿਆ ਸੀ।
ਭਾਜਪਾ ਗਠਜੋੜ ਵੱਲੋਂ ਦੁਬਾਰਾ ਸਿਆਸੀ ਤਾਕਤ ਹਥਿਆਉਣ ਲਈ ਹਰ ਹਰਬਾ-ਜਰਬਾ ਵਰਤਿਆ ਗਿਆ। ਉਨ੍ਹਾਂ ਵੱਡੇ ਧਨ-ਕੁਬੇਰਾਂ ਦਾ ਸਹਾਰਾ ਲਿਆ, ਗੋਦੀ ਮੀਡੀਆ ਨੂੰ ਵੱਧ ਤੋਂ ਵੱਧ ਵਰਤਿਆ, ਮੰਦਰ ਮੁੱਦਾ ਉਭਾਰਿਆ ਗਿਆ, ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਵਰਗੇ ਵਿਭਾਗਾਂ ਦਾ ਦੁਰਉਪਯੋਗ ਕੀਤਾ ਗਿਆ। ਸਮਾਜਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰਨ ਲਈ ਸੰਪਰਦਾਇਕਤਾ ਨੂੰ ਤੂਲ ਦਿੱਤੀ ਗਈ। ਇਨ੍ਹਾਂ ਚੋਣਾਂ ਵਿੱਚ ਚੋਣ ਕਮਿਸ਼ਨ ਦੀ ਪਾਰਦਰਸ਼ੀ ਭੂਮਿਕਾ ’ਤੇ ਵੀ ਉਗਲ ਉੱਠਦੀ ਰਹੀ। ਇਨ੍ਹਾਂ ਸਾਰੇ ਹੱਥਕੰਡਿਆਂ ਦੇ ਬਾਵਜੂਦ ਭਾਜਪਾ 2019 ਦੀਆਂ ਚੋਣਾਂ ਦੇ ਮੁਕਾਬਲੇ 63 ਸੀਟਾਂ ਗਵਾ ਬੈਠੀ। ਸਿਰਫ 240 ਸੀਟਾਂ ਲੈ ਕੇ ਜਨਤਾ ਦਲ ਅਤੇ ਟੀ ਡੀ ਪੀ ਦੀਆਂ ਫੌੜ੍ਹੀਆਂ ਦੇ ਸਹਾਰੇ ਸੱਤਾ ਤੱਕ ਪਹੁੰਚ ਸਕੀ। ‘400 ਪਾਰ’ ਦਾ ਹੰਕਾਰੀ ਗੁਬਾਰਾ ਬੁਰੀ ਤਰਾਂ ਫਟ ਗਿਆ। ਦੂਸਰੇ ਪਾਸੇ ਕਈ ਮੁਸ਼ਕਲਾਂ ਦੇ ਬਾਵਜੂਦ ‘ਇੰਡੀਆ’ ਗਠਜੋੜ 234 ਸੀਟਾਂ ਪ੍ਰਾਪਤ ਕਰਕੇ ਚੋਣਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਵਿੱਚ ਸਫਲ ਰਿਹਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਐੱਮ ਪੀ ਨਾਗੇਂਦਰ ਨਾਥ ਓਝਾ ਨੇ ਕਿਹਾ ਸਾਡੇ ਦੇਸ਼ ਵਿੱਚ ਖੇਤ ਮਜ਼ਦੂਰਾਂ ਦੀ ਬੜੀ ਵੱਡੀ ਗਿਣਤੀ ਹੈ। 1968 ਵਿੱਚ ਯੂਨੀਅਨ ਦੀ ਪਹਿਲੀ ਕਾਨਫਰੰਸ ਮੋਗਾ ਵਿੱਚ ਹੋਈ ਸੀ। ਇਹ ਕਾਨਫਰੰਸ ਮਜ਼ਦੂਰਾਂ ਦੀ ਸਮਾਜਕ-ਆਰਥਿਕ ਸਥਿਤੀ ਸਾਹਮਣੇ ਲਿਆਈ। ਇਸ ਕਾਨਫਰੰਸ ਵਿੱਚ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ। ਇਸ ਵਿੱਚ ਘੱਟੋ-ਘੱਟ ਮਜ਼ਦੂਰੀ ਦਾ ਕਾਨੂੰਨ, ਬੰਧੂਆ ਮਜ਼ਦੂਰੀ ਤੋਂ ਨਿਜਾਤ, ਭੂਮੀਹੀਣਤਾ ਸਮਾਪਤ ਕਰਨਾ, ਰੁਜ਼ਗਾਰ ਗਰੰਟੀ ਯੋਜਨਾ, ਸਮਾਜਕ ਅੱਤਿਆਚਾਰ ਵਰਗੀਆਂ ਅਨੇਕਾਂ ਮੰਗਾਂ ਸਨ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਵਾਪਰਿਆ ਕਿ ਆਪਣੇ ਹੱਕਾਂ ਲਈ ਇੱਕ ਸੰਗਠਨ ਵਿੱਚ ਮਜ਼ਦੂਰਾਂ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ। ਇਸ ਦੇ ਫਲਸਰੂਪ ਅੱਜ ਦੇਸ਼ ਵਿੱਚ ਮਜ਼ਦੂਰਾਂ ਲਈ ਕਾਨੂੰਨ ਤੇ ਯੋਜਨਾਵਾਂ ਹਨ। ਇਹ ਬੀ ਕੇ ਐੱਮ ਯੂ ਦੀ ਪ੍ਰਾਪਤੀ ਹੈ। ਇਹ ਸਾਕਾਰਤਮਿਕ ਪ੍ਰੀਵਰਤਨ ਹੈ। ਨਵੀਂ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਵਾਉਣਾ ਹੋਵੇਗਾ। ਉਹਨਾ ਕਿਹਾ ਕਿ ਨਵੀਂ ਪੀੜ੍ਹੀ ਵੀ ਆਪਣੇ ਢੰਗ ਨਾਲ ਹੱਕਾਂ ਲਈ ਮੈਦਾਨ ਮੱਲ ਰਹੀ ਹੈ। ਇਹ ਪੀੜ੍ਹੀ ਅੱਤਿਆਚਾਰ ਸਹਿਣ ਲਈ ਤਿਆਰ ਨਹੀਂ। ਇਸ ਪੀੜ੍ਹੀ ’ਤੇ ਜ਼ੁਲਮ ਕਰਨਾ ਹੁਣ ਆਸਾਨ ਨਹੀਂ।
ਉਨ੍ਹਾ ਕਿਹਾ ਕਿ ਅਜੇ ਵੀ ਹਾਰ ਚੁੱਕੀ ਪੁਰਾਣੀ ਬਚੀ-ਖੁਚੀ ਸਾਮੰਤੀ ਮਜ਼ਦੂਰਾਂ ਦੀ ਨਵੀਂ ਪੀੜ੍ਹੀ ਨੂੰ ਧਰਮ ਤੇ ਸੰਪਰਦਾਇਕਤਾ ਦੇ ਨਾਹਰੇ ਨਾਲ ਆਪਣੇ ਵੱਲ ਖਿੱਚ ਰਹੀ ਹੈ ਤੇ ਉਹ ਸਫਲ ਵੀ ਹੋ ਰਹੀ ਹੈ। ਇਸੇ ਵਰਤਾਰੇ ਪ੍ਰਤੀ ਸਾਵਧਾਨ ਹੋਣ ਦੀ ਲੋੜ ਹੈ। ਮੀਟਿੰਗ ਨੂੰ ਯੂਨੀਅਨ ਦੇ ਪ੍ਰਧਾਨ ਐੱਨ ਪੇਰੀਆ ਸਾਮੀ, ਸਾਬਕਾ ਪ੍ਰਧਾਨ ਕੇ ਈ ਇਸਮਾਈਲ, ਸਕੱਤਰ ਵੀ ਐੱਸ ਨਿਰਮਲ, ਰਾਮਾ ਮੂਰਤੀ ਪੁਡੂਚੇਰੀ, ਦਰਿਓ ਸਿੰਘ (ਹਰਿਆਣਾ), ਦੇਵੀ ਕੁਮਾਰੀ ਸਰਹਾਲੀ ਕਲਾਂ, ਜਾਨਕੀ ਪਾਸਵਾਨ ਸਾਬਕਾ ਐੱਮ ਐੱਲ ਸੀ (ਬਿਹਾਰ) ਤੇ ਪ੍ਰੀਤਮ ਸਿੰਘ ਨਿਆਮਤਪੁਰਾ ਆਦਿ ਨੇ ਵੀ ਸੰਬੋਧਨ ਕੀਤਾ। ਪੇਸ਼ ਕੀਤੀ ਰਿਪੋਰਟ ’ਤੇ ਭਰਵੀਂ ਬਹਿਸ ਹੋਣ ਉਪਰੰਤ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ।

LEAVE A REPLY

Please enter your comment!
Please enter your name here