ਅਸਾਮ ’ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਤੱਕ ਪਹੁੰਚੀ

0
198

ਗੁਹਾਟੀ : ਅਸਾਮ ’ਚ ਹੜ੍ਹ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ।ਲੱਖਾਂ ਲੋਕਾਂ ਦੇ ਬੇਘਰ ਹੋਣ ਦੇ ਨਾਲ ਹੀ ਸੂਬੇ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਕਿ ਰਾਜ ਵਿੱਚ ਸੱਤ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੜ੍ਹ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 90 ਹੋ ਗਈ ਹੈ।ਰਾਜ ਆਫ਼ਤ ਅਥਾਰਟੀ ਨੇ ਤਾਜ਼ਾ ਹੜ੍ਹ ਰਿਪੋਰਟ ਵਿੱਚ ਕਿਹਾ ਕਿ ਗੋਵਾਲਪੁਰ ਜ਼ਿਲ੍ਹੇ ਵਿੱਚ ਕਿਸ਼ਤੀ ਪਲਟਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਨਾਗਾਂਵ ਅਤੇ ਜੋਰਹਟ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਰਾਜ ’ਚ ਹੜ੍ਹ ਦੀ ਸਥਿਤੀ ’ਚ ਮਾਮੂਲੀ ਸੁਧਾਰ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।ਅਸਾਮ ਦੇ 24 ਜ਼ਿਲ੍ਹਿਆਂ ਵਿੱਚ 12.33 ਲੱਖ ਤੋਂ ਵੱਧ ਲੋਕ ਅਜੇ ਵੀ ਹੜ੍ਹਾਂ ਤੋਂ ਪ੍ਰਭਾਵਤ ਹਨ।75 ਮਾਲੀਆ ਅਧੀਨ ਆਉਦੇ 2406 ਪਿੰਡ ਅਤੇ 32924.32 ਹੈਕਟੇਅਰ ਫਸਲੀ ਰਕਬਾ ਅਜੇ ਵੀ ਪਾਣੀ ਵਿੱਚ ਡੁੱਬਿਆ ਹੋਇਆ ਹੈ।ਅਸਾਮ ਦੇ ਜਿਹੜੇ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ, ਉਨ੍ਹਾਂ ਵਿੱਚ ਸ਼ਾਮਲ ਕਛਾਰ, ਧੂਬੜੀ, ਨਗਾਓਂ, ਕਾਮਰੂਪ, ਡਿਬਰੂਗੜ੍ਹ, ਗੋਲਾਘਾਟ, ਨਲਬਾੜੀ, ਬਾਰਪੇਟਾ, ਧੇਮਾਜੀ, ਸਿਵਸਾਗਰ, ਗੋਲਪਾੜਾ, ਜੋਰਹਟ, ਮੋਰੀਗਾਂਵ, ਲਖੀਮਪੁਰ, ਕਰੀਮਗੰਜ, ਦਰੰਗ, ਮਾਜੁਲੀ, ਵਿਸ਼ਵਨਾਥ, ਦੱਖਣੀ ਸਲਮਾਰਾ, ਚਿਰਾਂਗ, ਤਿਨਸੁਕੀਆ ਹਨ। ਧੂਬੜੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3,18,326 ਲੋਕ ਪ੍ਰਭਾਵਤ ਹਨ। ਇਸ ਤੋਂ ਬਾਅਦ ਕਛਾਰ ਵਿੱਚ 1,48,609, ਗੋਲਾਘਾਟ ਵਿੱਚ 95,277, ਨਗਾਓਂ ਵਿੱਚ 88,120, ਗੋਲਪਾੜਾ ਵਿੱਚ 83125, ਮਾਜੁਲੀ ਵਿੱਚ 82,494, ਧੇਮਾਜੀ ਵਿੱਚ 73,662 ਅਤੇ ਦੱਖਣੀ ਸਲਮਾਰਾ ਜ਼ਿਲ੍ਹੇ ਵਿੱਚ 63,400 ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਹਨ। ਸੂਬੇ ਦੀਆਂ ਕਈ ਨਦੀਆਂ ਦੇ ਪਾਣੀ ਦਾ ਪੱਧਰ ਹੁਣ ਹੇਠਾਂ ਡਿੱਗ ਰਿਹਾ ਹੈ, ਪਰ ਬ੍ਰਹਮਪੁੱਤਰ ਨਦੀ ਦੇ ਨਾਲ-ਨਾਲ ਬੁਰਹਿਦੀਹਿੰਗ ਨਦੀ, ਡਿਸਾਂਗ ਨਦੀ ਅਤੇ ਕੁਸ਼ੀਆਰਾ ਨਦੀ ਦੇ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।

LEAVE A REPLY

Please enter your comment!
Please enter your name here