ਬਸਪਾ ਆਗੂ ਦੀ ਹੱਤਿਆ ’ਚ ਸ਼ਾਮਲ ਮਾਰਿਆ ਗਿਆ

0
150

ਚੇਨਈ : ਬਸਪਾ ਤਾਮਿਲਨਾਡੂ ਦੇ ਮੁਖੀ ਕੇ. ਆਰਮਸਟਰਾਂਗ ਦੀ ਹੱਤਿਆ ਦੇ ਮੁੱਖ ਮੁਲਜ਼ਮ ਨੂੰ ਐਤਵਾਰ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਜਾਂਚ ਦੇ ਹਿੱਸੇ ਵਜੋਂ ਉੱਤਰੀ ਚੇਨਈ ਦੇ ਇੱਕ ਸਥਾਨ ’ਤੇ ਲੁਕਾ ਕੇ ਰੱਖੇ ਹੋਏ ਹਥਿਆਰਾਂ ਦਾ ਪਤਾ ਲਗਾਉਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਇੱਕ ਪੁਲਸ ਮੁਲਾਜ਼ਮ ’ਤੇ ਹਮਲਾ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਇੱਕ ਪੁਲਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਪਟੀਸ਼ਨਾਂ ਸੁਪਰੀਮ ਕੋਰਟ ’ਚ ਤਬਦੀਲ ਕਰਨ ਦੀ ਮੰਗ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਨੀਟ-ਯੂ ਜੀ ਪੇਪਰ ਲੀਕ ਸੰਬੰਧੀ ਰਾਜਸਥਾਨ ਹਾਈ ਕੋਰਟ ’ਚ ਬਕਾਇਆ ਪਈਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਵਿਚ ਤਬਦੀਲ ਕਰਨ ਲਈ ਪਟੀਸ਼ਨ ਦਾਖਲ ਕੀਤੀ ਹੈ। ਕੇਸ ਦੀ ਸੁਪਰੀਮ ਕੋਰਟ ਵਿਚ 15 ਜੁਲਾਈ ਨੂੰ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ 20 ਜੂਨ ਨੂੰ ਇਕ ਕੇਸ ਦੀ ਸੁਣਵਾਈ ਕਰਦਿਆਂ ਦੇਸ਼ ਭਰ ਦੀਆਂ ਹਾਈ ਕੋਰਟਾਂ ਵਿਚ ਇਸ ਸੰਬੰਧੀ ਬਕਾਇਆ ਪਈਆਂ ਪਟੀਸ਼ਨਾਂ ਦੀ ਕਾਰਵਾਈ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਸੀ।
ਮੈਡੀਕਲ ਦਾਖਲਾ ਪ੍ਰੀਖਿਆਵਾਂ ਰਾਜ ਕਰਵਾਉਣ : ਚਿਦੰਬਰਮ
ਨਵੀਂ ਦਿੱਲੀ : ਨੀਟ-ਯੂ ਜੀ ਪ੍ਰੀਖਿਆ 2024 ਨੂੰ ਲੈ ਕੇ ਉਪਜੇ ਵਿਵਾਦ ਦਰਮਿਆਨ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਪ੍ਰੀਖਿਆ ਘੁਟਾਲੇ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮੈਡੀਕਲ ਕਾਲਜ ਦੇ ਦਾਖਲਿਆਂ ਲਈ ਪ੍ਰੀਖਿਆਵਾਂ ਕਰਵਾਉਣ ਦਾ ਅਧਿਕਾਰ ਰਾਜਾਂ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ।
ਰੂਪਨਗਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦਾ ਦੇਹਾਂਤ
ਰੂਪਨਗਰ : ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਐਤਵਾਰ ਸਵੇਰੇ ਪੀ ਜੀ ਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾ ਨੂੰ ਹਾਰਟ ਅਟੈਕ ਉਪਰੰਤ ਪੀ ਜੀ ਆਈ ਦਾਖਲ ਕਰਵਾਇਆ ਗਿਆ ਸੀ। ਸਵੇਰੇ ਦੁਬਾਰਾ ਹਾਰਟ ਅਟੈਕ ਆਉਣ ਨਾਲ ਉਨ੍ਹਾ ਪ੍ਰਾਣ ਤਿਆਗ ਦਿੱਤੇ। ਪਰਵਾਰ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਹਨਾ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।
ਮਨੀਪੁਰ ’ਚ ਜਵਾਨ ਸ਼ਹੀਦ
ਇੰਫਾਲ : ਮਨੀਪੁਰ ’ਚ ਦਹਿਸ਼ਤਗਰਦਾਂ ਵੱਲੋਂ ਸੀ ਆਰ ਪੀ ਐੱਫ ਦੇ ਗਸ਼ਤ ਕਰ ਰਹੇ ਜਵਾਨਾਂ ’ਤੇ ਗੋਲੀਬਾਰੀ ਕਾਰਨ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਆਸਾਮ ਦੀ ਸਰਹੱਦ ਨਾਲ ਲੱਗਦੇ ਜਿਰੀਬਾਮ ਜ਼ਿਲ੍ਹੇ ਦੇ ਮੋਰਬੁੰਗ ਪਿੰਡ ’ਚ ਦਹਿਸ਼ਤਗਰਦਾਂ ਵੱਲੋਂ ਪਹਾੜੀ ਤੋਂ ਗਸ਼ਤੀ ਦਲ ’ਤੇ ਭਾਰੀ ਗੋਲੀਬਾਰੀ ਕੀਤੀ ਗਈ। ਜਵਾਨ ਐੱਸ ਯੂ ਵੀ ਵਿਚ ਜਾ ਰਹੇ ਸਨ।
ਮੁਹੱਰਮ ਦੇ ਜਲੂਸ ਦੀ ਆਗਿਆ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ੍ਰੀਨਗਰ ’ਚ ਅਧਿਕਾਰੀਆਂ ਨੇ 15 ਜੁਲਾਈ ਨੂੰ ਮੁਹੱਰਮ ਦਾ ਜਲੂਸ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਖੇਤਰ ਵਿਚ ਸੁਰੱਖਿਆ ਕਰਮੀਆਂ ਦੀ ਨਫਰੀ ਵਧਾਈ ਜਾਵੇਗੀ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

LEAVE A REPLY

Please enter your comment!
Please enter your name here