ਇਸਲਾਮਾਬਾਦ : ਪਾਕਿਸਤਾਨ ‘ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਲਗਾਤਾਰ ਵਧ ਰਹੀ ਹੈ | ਇਸ ਤੋਂ ਇਲਾਵਾ ਕੀਮਤਾਂ ‘ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਇਸ ਦੌਰਾਨ ਪਾਕਿਸਤਾਨ ਸਰਕਾਰ ਸੰਕਟ ਤੋਂ ਬਚਾਉਣ ਲਈ ਮੁਲਾਜ਼ਮਾਂ ਦੇ ਕੰਮ ਦੇ ਦਿਨਾਂ ਨੂੰ ਘੱਟ ਕਰਨ ‘ਤੇ ਵਿਚਾਰ ਕਰ ਰਹੀ ਹੈ | ਪਾਕਿਸਤਾਨੀ ਅਖ਼ਬਾਰ ਡਾਨ ਨੇ ਸੋਮਵਾਰ ਨੂੰ ਇੱਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ | ਤੇਲ ਦੀਆਂ ਵਧਦੀਆਂ ਅੰਤਰਰਾਸ਼ਟਰੀ ਕੀਮਤਾਂ ਅਤੇ ਦੇਸ਼ ‘ਚ ਵਧਦੀ ਖਪਤ ਵਿਚਾਲੇ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ | ਤੇਲ ਦੀ ਵਧਦੀ ਖਪਤ ਅਤੇ ਤੇਲ ਦੀ ਉੱਚੀਆਂ ਅੰਤਰਰਾਸ਼ਟਰੀ ਕੀਮਤਾਂ ਕਾਰਨ ਵਧਦੇ ਆਯਾਤ ਖਰਚ ਦੌਰਾਨ ਸਰਕਾਰ ਇਸ ਫੈਸਲੇ ‘ਤੇ ਵਿਚਾਰ ਕਰ ਰਹੀ ਹੈ | ਸਰਕਾਰ ਇਸ ਤਰੀਕੇ ਨੂੰ ਅਪਣਾ ਕੇ ਤੇਲ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਪਾਕਿਸਤਾਨ ਦੀ ਸਰਕਾਰ ਨੂੰ ਅਨੁਮਾਨ ਹੈ ਕਿ ਇਸ ਨਾਲ 2.7 ਅਰਬ ਡਾਲਰ ਤੱਕ ਦੀ ਅਨੁਮਾਨਿਤ ਸਾਲਾਨਾ ਵਿਦੇਸ਼ੀ ਕਰੰਸੀ ਦੀ ਬੱਚਤ ਹੋ ਸਕਦੀ ਹੈ | ਇਹ ਅਨੁਮਾਨ ਤਿੰਨ ਵੱਖ-ਵੱਖ ਸਥਿਤੀਆਂ ‘ਤੇ ਅਧਾਰਤ ਹੈ, ਜੋ ਸਟੇਟ ਬੈਂਕ ਆਫ਼ ਪਾਕਿਸਤਾਨ ਵੱਲੋਂ ਕੰਮ ਵਾਲੇ ਦਿਨਾਂ ਅਤੇ ਤੇਲ ਸੁਰੱਖਿਆ ਵਿਚਾਲੇ ਤਾਲਮੇਲ ਬਿਠਾ ਕੇ ਦੇਸ਼ ਦੀ ਵਿਦੇਸ਼ੀ ਕਰੰਸੀ ਨੂੰ 1.5 ਅਰਬ ਡਾਲਰ ਤੋਂ 2.7 ਅਰਬ ਡਾਲਰ ਬਚਾਉਣ ਲਈ ਤਿਆਰ ਕੀਤਾ ਗਿਆ ਹੈ | ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਜੋ ਪ੍ਰਸਤਾਵ ਤਿਆਰ ਕੀਤਾ ਹੈ, ਉਸ ‘ਚੋਂ ਇੱਕ ਇਹ ਹੈ ਕਿ ਹਫ਼ਤੇ ‘ਚ ਚਾਰ ਦਿਨ ਕੰਮ ਤਿੰਨ ਛੁੱਟੀਆਂ ਰਹਿਣ | ਇਸ ਨਾਲ ਔਸਤ ਪੀ ਓ ਐੱਲ ਬੱਚਤ 12.2 ਕਰੋੜ ਪ੍ਰਤੀ ਮਹੀਨੇ ਹੋਣ ਦਾ ਅਨੁਮਾਨ ਹੈ | ਇਹ ਇੱਕ ਸਾਲ ‘ਚ 1.5 ਅਰਬ ਡਾਲਰ ਤੱਕ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ 90 ਫੀਸਦੀ ਤੇਲ ਦੀ ਖਪਤ ਕੰਮ ਵਾਲੇ ਦਿਨਾਂ ‘ਤੇ ਅਤੇ ਬਾਕੀ 10 ਫੀਸਦੀ ਇੱਕ ਮਹੀਨੇ ‘ਚ ਛੁੱਟੀਆਂ ‘ਤੇ ਹੁੰਦੀ ਹੈ | ਬੈਂਕ ਨੇ ਜੋ ਦੂਜਾ ਪ੍ਰਸਤਾਵ ਤਿਆਰ ਕੀਤਾ ਹੈ, ਉਸ ਤਹਿਤ ਕੰਮ ਵਾਲੇ ਚਾਰ ਦਿਨ, ਦੋ ਛੁੱਟੀਆਂ ਅਤੇ ਇੱਕ ਦਿਨ ਲਾਕਡਾਊਨ ਦੀ ਗੱਲ ਸ਼ਾਮਲ ਹੈ | ਇਸ ਨਾਲ ਲੱਗਭੱਗ 17.5 ਕਰੋੜ ਡਾਲਰ ਪ੍ਰਤੀ ਮਹੀਨਾ ਬੱਚਤ ਹੋਵੇਗੀ, ਜੋ ਪ੍ਰਤੀ ਸਾਲ 2.1 ਅਰਬ ਡਾਲਰ ਤੱਕ ਹੋ ਸਕਦਾ ਹੈ |