ਟਰੰਪ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਵਾਲਾ ਖੁਦ ਫੁੰਡਿਆ ਗਿਆ
ਨਿਊ ਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (78) ’ਤੇ ਪੈਨਸਿਲਵੇਨੀਆ ’ਚ ਚੋਣ ਰੈਲੀ ਦੌਰਾਨ ਗੋਲੀਆਂ ਚਲਾਈਆਂ ਗਈਆਂ। ਇਕ ਗੋਲੀ ਉਨ੍ਹਾ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਨਾਲ ਖਹਿ ਕੇ ਲੰਘਦੀ ਉਨ੍ਹਾ ਨੂੰ ਜ਼ਖਮੀ ਕਰ ਗਈ। ਗੋਲੀਬਾਰੀ ਵਿਚ ਇਕ ਸਰੋਤਾ ਮਾਰਿਆ ਗਿਆ ਤੇ ਦੋ ਗੰਭੀਰ ਜ਼ਖਮੀ ਹੋ ਗਏ। ਸੁਰੱਖਿਆ ਕਰਮੀਆਂ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਜ਼ਖ਼ਮੀ ਹੋਣ ਤੋਂ ਬਾਅਦ ਚਾਰੇ ਪਾਸਿਓਂ ਕਮਾਂਡੋਜ਼ ਵੱਲੋਂ ਘੇਰ ਲਏ ਗਏ ਟਰੰਪ ਨੇ ਦਲੇਰੀ ਦਿਖਾਉਦਿਆਂ ਮੁੱਠ ਬੰਦ ਕਰਕੇ ਹੱਥ ਹਵਾ ’ਚ ਲਹਿਰਾਇਆ। ਗੋਲੀ ਲਗਦਿਆਂ ਟਰੰਪ ਆਪਣੇ ਸੱਜੇ ਕੰਨ ’ਤੇ ਹੱਥ ਰੱਖ ਕੇ ਹੇਠਾਂ ਝੁਕ ਗਏ। ਇਸ ਤੋਂ ਬਾਅਦ ਭੀੜ ’ਚ ਰੌਲਾ ਪੈ ਗਿਆ ਅਤੇ ਲੋਕ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ’ਚ ਇਧਰ-ਉਧਰ ਭੱਜਣ ਲੱਗੇ।
ਯੂ ਐਸ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਸ਼ੱਕੀ ਸ਼ੂਟਰ ਨੇ ਬਟਲਰ ’ਚ ਰੈਲੀ ਸਥਾਨ ਦੇ ਬਾਹਰ ਇੱਕ ਉੱਚੀ ਥਾਂ ਤੋਂ ਸਟੇਜ ਵੱਲ ਕਈ ਗੋਲੀਆਂ ਚਲਾਈਆਂ। ਹਮਲਾ ਸ਼ਾਮ ਸਵਾ ਛੇ ਵਜੇ ਕੀਤਾ ਗਿਆ, ਜਦੋਂ ਟਰੰਪ ਚੋਣ ਰੈਲੀ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ।
ਅਖਬਾਰ ‘ਨਿਊ ਯਾਰਕ ਪੋਸਟ’ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ੂਟਰ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕਰੁੱਕਸ ਵਜੋਂ ਹੋਈ ਹੈ। ਉਸ ਨੇ ਬਟਲਰ ਫਾਰਮ ਦੀ ਸਟੇਜ ਤੋਂ 130 ਗਜ਼ ਦੀ ਦੂਰੀ ’ਤੇ ਸਥਿਤ ਇਕ ਮੈਨੂਫੈਕਚਰਿੰਗ ਪਲਾਂਟ ਦੀ ਛੱਤ ਤੋਂ ਗੋਲੀਆਂ ਚਲਾਈਆਂ। ਬਾਅਦ ਵਿਚ ਸੀਕ੍ਰੇਟ ਸਰਵਿਸ ਦੇ ਸ਼ੂਟਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਕੋਲੋਂ ਇੱਕ ਏ ਆਰ ਸਟਾਈਲ ਰਾਈਫਲ ਬਰਾਮਦ ਕੀਤੀ ਗਈ। ਕਰੁੱਕਸ ਬੇਥੇਲ ਪਾਰਕ ਦਾ ਰਹਿਣ ਵਾਲਾ ਸੀ ਤੇ ਉਹ ਰਿਪਬਲੀਕਨ ਵੋਟਰ ਵਜੋਂ ਰਜਿਸਟਰਡ ਸੀ। ਉਸ ਨੇ ਨਵੰਬਰ ਵਿਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣੀ ਸੀ। ਉਹ ਰੈਲੀ ਵਾਲੀ ਥਾਂ ਤੋਂ ਦੱਖਣ ਵਿਚ ਕਰੀਬ 56 ਕਿੱਲੋਮੀਟਰ ਦੂਰ ਪੈਂਦੇ ਬੇਥੇਲ ਪਾਰਕ ਦੇ ਪਿਟਸਬਰਗ ਉਪ ਨਗਰ ਵਿਚ ਰਹਿੰਦਾ ਸੀ। ਉਸ ਨੇ 2022 ਵਿਚ ਬੇਥੇਲ ਪਾਰਕ ਦੇ ਹਾਈ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ ਸੀ।
ਇਕ ਵਿਅਕਤੀ ਨੇ ਦੱਸਿਆ ਹਮਲਾਵਰ ਨੇ ਸਹੀ ਨਿਸ਼ਾਨੇ ਲਈ ਕਈ ਛੱਤਾਂ ਟੱਪਣ ਤੋਂ ਬਾਅਦ ਟਰੰਪ ’ਤੇ ਨਿਸ਼ਾਨਾ ਵਿੰਨ੍ਹਿਆ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਹਮਲੇ ਤੋਂ ਬਾਅਦ ਟਰੰਪ ਨਾਲ ਗੱਲਬਾਤ ਕਰਕੇ ਹਾਲ-ਚਾਲ ਪੁੱਛਿਆ। ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਹੋਰਨਾਂ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
ਟਰੰਪ ਦੇ ਸਹਿਯੋਗੀ ਜੇ ਡੀ ਵੈਂਸ ਨੇ ਟਰੰਪ ’ਤੇ ਗੋਲੀਬਾਰੀ ਲਈ ਬਾਇਡੇਨ ਦੀ ਚੋਣ ਮੁਹਿੰਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਐੱਕਸ ’ਤੇ ਇੱਕ ਪੋਸਟ ’ਚ ਉਸ ਨੇ ਕਿਹਾਅੱਜ ਦੀ ਘਟਨਾ ਵੱਖਰੀ ਘਟਨਾ ਨਹੀਂ ਹੈ। ਬਾਇਡੇਨ ਦੀ ਚੋਣ ਮੁਹਿੰਮ ਦਾ ਮੁੱਖ ਆਧਾਰ ਇਹ ਹੈ ਕਿ ਡੋਨਾਲਡ ਟਰੰਪ ਇੱਕ ਫਾਸ਼ੀਵਾਦੀ ਹੈ, ਜਿਸ ਨੂੰ ਹਰ ਕੀਮਤ’ਤੇ ਰੋਕਿਆ ਜਾਣਾ ਚਾਹੀਦਾ ਹੈ। ਇਸ ਬਿਆਨਬਾਜ਼ੀ ਦੇ ਕਾਰਨ ਹੀ ਸਿੱਧੇ ਤੌਰ ’ਤੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕੀਤੀ। ਬਾਇਡੇਨ ਦੇ ਖਿਲਾਫ ਕਤਲ ਲਈ ਉਕਸਾਉਣ ਦਾ ਮਾਮਲਾ ਚਲਣਾ ਚਾਹੀਦਾ ਹੈ।
ਅਮਰੀਕੀ ਸੰਸਦ ਮੈਂਬਰ ਮਾਈਕ ਕੋਲਿਨਸ ਨੇ ਵੀ ਬਾਇਡੇਨ ਦੇ ਖਿਲਾਫ ਹੱਤਿਆ ਲਈ ਉਕਸਾਉਣ ਦਾ ਕੇਸ ਚਲਾਉਣ ਦੀ ਮੰਗ ਕੀਤੀ ਹੈ।



