ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਸੋਮਵਾਰ ਸੂਬੇ ’ਚ ਸੜਕੀ ਨੈਟਵਰਕ ਦੇ ਬੁਨਿਆਦੀ ਢਾਂਚੇ ਨੂੰ ਹੋਰ ਸੁਧਾਰਨ ਲਈ ਸੂਬੇ ’ਚ ਪੈਂਦੇ ਕੌਮੀ ਰਾਜ ਮਾਰਗ ਪ੍ਰੋਜੈਕਟਾਂ ਬਾਰੇ ਨਵੀਂ ਦਿੱਲੀ ਵਿਖੇ ਹੋਈ ਉੱਚ-ਪੱਧਰੀ ਸਮੀਖਿਆ ਮੀਟਿੰਗ ’ਚ ਸ਼ਾਮਲ ਹੋਏ। ਰਾਜਮਾਰਗ ਅਤੇ ਟਰਾਂਸਪੋਰਟ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ’ਚ ਕੇਂਦਰੀ ਰਾਜ ਮੰਤਰੀ ਅਜੈ ਟਮਟਾ, ਹਰਸ਼ ਮਲਹੋਤਰਾ, ਕੇਂਦਰ ਅਤੇ ਰਾਜ ਦੇ ਪ੍ਰਬੰਧਕੀ ਸਕੱਤਰ, ਸੜਕੀ ਆਵਾਜਾਈ ਬਾਰੇ ਕੇਂਦਰੀ ਮੰਤਰਾਲੇ, ਐਨ ਐਚ ਏ ਆਈ, ਪੰਜਾਬ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ, ਕੰਸੈਸ਼ਨੇਅਰ/ਠੇਕੇਦਾਰ ਅਤੇ ਕੰਨਸਲਟੈਂਟ ਆਦਿ ਮੌਜੂਦ ਸਨ। ਸਮੀਖਿਆ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ ਵਿਖੇ ਮੌਜੂਦਾ ਸਮੇਂ 1438 ਕਿਲੋਮੀਟਰ ਕੌਮੀ ਰਾਜਮਾਰਗਾਂ ਦੇ ਕੰਮ ਲਗਭਗ 45000 ਕਰੋੜ ਰੁਪਏ ਨਾਲ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਐਕਊਆਇਰ ਕੀਤੀ ਜ਼ਮੀਨ ਦਾ ਕਬਜ਼ਾ ਜਲਦ ਤੋਂ ਜਲਦ ਮੁਹਈਆ ਕਰਵਾਉਣ, ਮੁਆਵਜ਼ਾ ਰਾਸ਼ੀ ਦੀ ਵੰਡ ਪ੍ਰਕਿ੍ਰਆ ਹੋਰ ਤੇਜ਼ ਕਰਨ, ਜੰਗਲਾਤ ਦੀ ਐਕਊਆਇਰ ਕੀਤੀ ਜ਼ਮੀਨ ਦੇ ਬਦਲ ਵਿਚ ਦੇਣ ਲਈ ਗੈਰ-ਜੰਗਲਾਤ ਜ਼ਮੀਨ ਦਾ ਲੈਂਡ ਬੈਂਕ ਤਿਆਰ ਕਰਨ ਅਤੇ ਥਰਮਲ ਪਾਵਰ ਪਲਾਂਟਾਂ ਤੋਂ ਰਾਖ ਦੀ ਉਪਲਬਧਤਾ ਆਦਿ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸੇ ਦੌਰਾਨ ਕੁਝ ਪ੍ਰੋਜੈਕਟਾਂ ਲਈ ਲੋੜੀਂਦੀ ਜ਼ਮੀਨ ਦੀ ਪ੍ਰਾਪਤੀ ਨਾ ਹੋਣ ਕਾਰਨ ਹੋ ਰਹੀ ਦੇਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਨ੍ਹਾਂ ਦਾ ਜਲਦੀ ਹੱਲ ਕੱਢਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਹਰਭਜਨ ਸਿੰਘ ਈ ਟੀ ਓ ਨੇ ਸੂਬਾ ਸਰਕਾਰ ਵੱਲੋਂ ਸਾਰੇ ਮਾਮਲਿਆਂ ਨੂੰ ਸਮਾਂ-ਬੱਧ ਤਰੀਕੇ ਨਾਲ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ’ਚ ਰਾਜ ਮਾਰਗਾਂ ਨੂੰ ਹੋਰ ਚੰਗੇ ਢੰਗ ਨਾਲ ਜੋੜਨ ਅਤੇ ਸੜਕ ਸੁਰੱਖਿਆ ਨੂੰ ਸੁਧਾਰਨ ਲਈ ਖਾਨ-ਕੋਟ ਵਿਖੇ ਵਹੀਕਲਰ ਅੰਡਰ ਪਾਸ (ਵੀ ਯੂ ਪੀ) ਉਸਾਰਣ ਆਦਿ ਪ੍ਰੋਜੈਕਟ ਕੇਂਦਰੀ ਮੰਤਰੀ ਦੇ ਧਿਆਨ ’ਚ ਲਿਆਂਦੇ ਗਏ।





